ਨੇਪਾਲ ਜਹਾਜ਼ ਹਾਦਸਾ: 4 ਭਾਰਤੀਆਂ ਸਮੇਤ ਸਾਰੇ 22 ਲੋਕਾਂ ਦੀ ਗਈ ਜਾਨ, 16 ਲਾਸ਼ਾਂ ਬਰਾਮਦ
ਬਚਾਅ ਕਾਰਜ ਜਾਰੀ
ਨਵੀਂ ਦਿੱਲੀ: ਨੇਪਾਲ ਵਿੱਚ ਕ੍ਰੈਸ਼ ਹੋਏ ਤਾਰਾ ਏਅਰਲਾਈਨ ਦੇ ਜਹਾਜ਼ ਦੇ ਮਲਬੇ ਦੀ ਤਸਵੀਰ ਸੋਮਵਾਰ ਨੂੰ ਸਾਹਮਣੇ ਆਈ ਹੈ। ਤਸਵੀਰ ਆਉਣ ਤੋਂ ਕੁਝ ਦੇਰ ਬਾਅਦ ਨੇਪਾਲੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਹਾਜ਼ ਦਾ ਮਲਬਾ ਮਸਤਾਂਗ ਇਲਾਕੇ ਦੇ ਕੋਬਨ 'ਚ ਮਿਲਿਆ ਹੈ। ਲਾਸ਼ਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਇਸ ਕੰਮ ਵਿੱਚ ਸਥਾਨਕ ਲੋਕ ਵੀ ਫੌਜ ਦੀ ਮਦਦ ਕਰ ਰਹੇ ਹਨ। ਬਹੁਤੀਆਂ ਲਾਸ਼ਾਂ ਦੀ ਪਛਾਣ ਕਰਨੀ ਔਖੀ ਹੋ ਰਹੀ ਹੈ।
ਸੋਮਵਾਰ ਸਵੇਰੇ 10:30 ਵਜੇ ਤੱਕ 16 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਬਾਕੀ 6 ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਪਹਾੜ ਦੀ ਚੋਟੀ ਨਾਲ ਟਕਰਾਉਣ ਤੋਂ ਬਾਅਦ ਮਲਬਾ ਲਗਭਗ 100 ਮੀਟਰ ਦੇ ਖੇਤਰ ਵਿਚ ਫੈਲ ਗਿਆ । ਏਅਰਪੋਰਟ ਅਥਾਰਟੀ ਨੇ ਦੱਸਿਆ ਕਿ ਜਹਾਜ਼ ਕਰੀਬ 14,500 ਫੁੱਟ ਦੀ ਉਚਾਈ 'ਤੇ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ।
ਇਹ ਜਹਾਜ਼ ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋਇਆ ਸੀ। ਤਾਰਾ ਏਅਰਲਾਈਨ ਦੀ ਉਡਾਣ 9NAET ਨੇਪਾਲ ਦੇ ਪੋਖਰਾ ਤੋਂ ਜੋਮਸੋਮ ਜਾ ਰਹੀ ਸੀ। ਫਲਾਈਟ ਸਵੇਰੇ ਕਰੀਬ 10 ਵਜੇ ਅਚਾਨਕ ਲਾਪਤਾ ਹੋ ਗਈ ਸੀ।
ਸਾਰਾ ਦਿਨ ਤਲਾਸ਼ੀ ਮੁਹਿੰਮ ਚਲਾਉਣ ਤੋਂ ਬਾਅਦ ਸ਼ਾਮ 4 ਵਜੇ ਫਲਾਈਟ ਕਰੈਸ਼ ਹੋਣ ਦੀ ਖ਼ਬਰ ਆਈ। ਜਹਾਜ਼ 'ਚ ਚਾਲਕ ਦਲ ਦੇ ਮੈਂਬਰਾਂ ਸਮੇਤ ਕਰੀਬ 22 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ 4 ਯਾਤਰੀ ਭਾਰਤ ਤੋਂ, 2 ਜਰਮਨੀ ਅਤੇ 13 ਨੇਪਾਲ ਦੇ ਸਨ। ਫਲਾਈਟ 'ਚ ਚਾਲਕ ਦਲ ਦੇ 3 ਮੈਂਬਰ ਵੀ ਸਵਾਰ ਸਨ। ਜਹਾਜ਼ 30 ਸਾਲ ਤੋਂ ਵੱਧ ਪੁਰਾਣਾ ਸੀ।