ਮਣੀਪੁਰ ਹਿੰਸਾ: ਮੀਰਾਬਾਈ ਚਾਨੂ ਸਮੇਤ 11 ਖਿਡਾਰੀਆਂ ਨੇ ਕੇਂਦਰ ਨੂੰ ਲਗਾਈ ਸ਼ਾਂਤੀ ਬਹਾਲ ਕਰਨ ਦੀ ਗੁਹਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਹਾਲਾਤ ਆਮ ਵਾਂਗ ਨਾ ਹੋਏ ਤਾਂ ਵਾਪਸ ਕਰ ਦੇਵਾਂਗੇ ਤਮਗ਼ੇ

File Photo

ਇੰਫਾਲ: ਮਣੀਪੁਰ ਵਿਚ 3 ਮਈ ਤੋਂ ਹਿੰਸਾ ਜਾਰੀ ਹੈ, ਜਿਸ ਵਿਚ ਹੁਣ ਤਕ 80 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਉਲੰਪਿਕ ਤਮਗ਼ਾ ਜੇਤੂ ਮੀਰਾਬਾਈ ਚਾਨੂ ਸਮੇਤ ਮਣੀਪੁਰ ਦੀਆਂ 11 ਖੇਡ ਹਸਤੀਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਇਨ੍ਹਾਂ ਲੋਕਾਂ ਨੇ ਅਮਿਤ ਸ਼ਾਹ ਤੋਂ ਸੂਬੇ ਵਿਚ ਜਲਦ ਸ਼ਾਂਤੀ ਬਹਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਹਾਲਾਤ ਆਮ ਵਾਂਗ ਨਾ ਹੋਏ ਤਾਂ ਉਹ ਅਪਣੇ ਐਵਾਰਡ ਅਤੇ ਤਮਗ਼ੇ ਵਾਪਸ ਕਰ ਦੇਣਗੇ।

ਪੱਤਰ 'ਤੇ ਦਸਤਖ਼ਤ ਕਰਨ ਵਾਲਿਆਂ 'ਚ ਮੀਰਾਬਾਈ ਚਾਨੂ, ਪਦਮ ਪੁਰਸਕਾਰ ਜੇਤੂ ਵੇਟਲਿਫਟਰ ਕੁੰਜਰਾਣੀ ਦੇਵੀ, ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਸਾਬਕਾ ਕਪਤਾਨ ਬੇਮ ਬੇਮ ਦੇਵੀ ਅਤੇ ਮੁੱਕੇਬਾਜ਼ ਐਲ ਸਰਿਤਾ ਦੇਵੀ ਸ਼ਾਮਲ ਹਨ। ਉਧਰ ਚੀਫ਼ ਆਫ ਡਿਫੈਂਸ ਸਟਾਫ਼ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੇ ਮੰਗਲਵਾਰ ਨੂੰ ਪੁਣੇ ਵਿਚ ਕਿਹਾ ਕਿ ਮਣੀਪੁਰ ਵਿਚ ਸਥਿਤੀ ਆਮ ਵਾਂਗ ਹੋਣ ਵਿਚ ਕੁੱਝ ਸਮਾਂ ਲਗੇਗਾ।

ਜਨਰਲ ਚੌਹਾਨ ਨੇ ਕਿਹਾ- ਸੂਬੇ 'ਚ ਹਿੰਸਾ ਦੋ ਜਾਤੀਆਂ ਵਿਚਾਲੇ ਟਕਰਾਅ ਦਾ ਨਤੀਜਾ ਹੈ। ਇਸ ਦਾ ਕੱਟੜਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਕਾਨੂੰਨ ਵਿਵਸਥਾ ਦਾ ਮਾਮਲਾ ਹੈ। ਅਸੀਂ ਸੂਬਾ ਸਰਕਾਰ ਦੀ ਮਦਦ ਕਰ ਰਹੇ ਹਾਂ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 29 ਮਈ ਨੂੰ ਮਣੀਪੁਰ ਦੀ ਰਾਜਧਾਨੀ ਇੰਫਾਲ ਪਹੁੰਚੇ ਸਨ। ਉਹ ਇਥੇ 1 ਜੂਨ ਤਕ ਰੁਕਣਗੇ। ਦੇਰ ਰਾਤ ਉਨ੍ਹਾਂ ਨੇ ਮੁੱਖ ਮੰਤਰੀ ਐਨ ਬੀਰੇਨ ਸਿੰਘ, ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਮੀਟਿੰਗ ਵਿਚ ਮੁੱਖ ਮੰਤਰੀ ਐਨ ਬੀਰੇਨ ਸਿੰਘ, ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ, ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਅਤੇ ਇੰਟੈਲੀਜੈਂਸ ਬਿਊਰੋ ਦੇ ਮੁਖੀ ਤਪਨ ਡੇਕਾ ਹਾਜ਼ਰ ਸਨ।

ਅਮਿਤ ਸ਼ਾਹ ਨੇ ਹਿੰਸਾ ਵਿਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਅਤੇ ਪ੍ਰਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਸੂਬੇ ਵਿਚ ਰਾਸ਼ਨ ਅਤੇ ਤੇਲ ਵਰਗੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਵਿਚ ਸੁਧਾਰ ਕਰਨ ਦੇ ਨਿਰਦੇਸ਼ ਦਿਤੇ ਹਨ। ਇਸ ਦੌਰਾਨ ਮੰਗਲਵਾਰ ਸਵੇਰੇ ਅਮਿਤ ਸ਼ਾਹ ਨੇ ਸਮਾਜਕ ਸੰਗਠਨਾਂ, ਸਿਆਸੀ ਪਾਰਟੀਆਂ ਅਤੇ ਬੁੱਧੀਜੀਵੀਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਗ੍ਰਹਿ ਮੰਤਰੀ 1 ਜੂਨ ਤਕ ਸੁਰੱਖਿਆ ਮੀਟਿੰਗਾਂ ਦੇ ਕਈ ਦੌਰ ਕਰਨਗੇ।

ਇਸ ਤੋਂ ਪਹਿਲਾਂ ਮਣੀਪੁਰ ਸਰਕਾਰ ਨੇ ਸੂਬੇ ਵਿਚ ਹਿੰਸਾ ਦੇ ਸਬੰਧ ਵਿਚ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਵਿਰੁਧ ਦੇਸ਼ਧ੍ਰੋਹ ਦੇ ਕੇਸ ਦਰਜ ਕਰਨ ਦੇ ਹੁਕਮ ਦਿਤੇ ਹਨ।

ਕਾਂਗਰਸ ਦੇ ਵਫ਼ਦ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਸਿਆ ਕਿ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਪਾਰਟੀ ਆਗੂਆਂ ਦਾ ਵਫ਼ਦ ਰਾਸ਼ਟਰਪਤੀ ਨੂੰ ਮਿਲਿਆ। ਆਗੂਆਂ ਨੇ ਰਾਸ਼ਟਰਪਤੀ ਨੂੰ ਮਣੀਪੁਰ ਹਿੰਸਾ ਦੀ ਜਾਂਚ ਲਈ ਸੁਪ੍ਰੀਮ ਕੋਰਟ ਦੇ ਜੱਜ ਦੀ ਅਗਵਾਈ ਹੇਠ ਉਚ ਪਧਰੀ ਜਾਂਚ ਕਮੇਟੀ ਬਣਾਉਣ ਦੀ ਅਪੀਲ ਕੀਤੀ ਹੈ।

ਜੈਰਾਮ ਨੇ ਕਿਹਾ- 22 ਸਾਲ ਪਹਿਲਾਂ ਵੀ ਮਣੀਪੁਰ ਸੜ ਰਿਹਾ ਸੀ। ਉਦੋਂ ਅਟਲ ਜੀ ਪ੍ਰਧਾਨ ਮੰਤਰੀ ਸਨ। ਅੱਜ ਫਿਰ ਮਣੀਪੁਰ ਸੜ ਰਿਹਾ ਹੈ, ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਇਸ ਦਾ ਕਾਰਨ ਭਾਜਪਾ ਦੀ ਵੰਡ ਅਤੇ ਧਰੁਵੀਕਰਨ ਵਾਲੀ ਰਾਜਨੀਤੀ ਹੈ। ਮਣੀਪੁਰ ਸੜ ਰਿਹਾ ਸੀ ਪਰ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਕਰਨਾਟਕ ਚੋਣਾਂ ਵਿਚ ਰੁੱਝੇ ਹੋਏ ਸਨ।