ਪ੍ਰੇਮ ਵਿਆਹ ਕਾਰਨ ਧੀ ਦਾ ਕਤਲ ਕਰਨ ਵਾਲੇ ਪਿਓ-ਭਰਾ ਨੂੰ ਮੌਤ ਦੀ ਸਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੱਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

PHOTO

 

ਸੋਨੀਪਤ : ਸੋਨੀਪਤ ਜ਼ਿਲ੍ਹੇ ਵਿਚ ਆਪਣੀ ਧੀ ਦਾ ਕਤਲ ਕਰਨ ਵਾਲੇ ਪਿਤਾ ਅਤੇ ਭਰਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਦੋਵਾਂ ਨੇ ਪ੍ਰੇਮ ਵਿਆਹ ਕਰਵਾਉਣ ਕਾਰਨ ਲੜਕੀ ਦਾ ਕਤਲ ਕਰ ਦਿਤਾ ਸੀ। ਲੜਕੀ ਦੇ ਪਿਤਾ ਅਤੇ ਉਸ ਦੇ ਭਰਾ ਨੇ 7 ਸਤੰਬਰ 2019 ਨੂੰ ਉਸ ਦਾ ਗਲਾ ਵੱਢ ਕੇ ਕਤਲ ਕਰ ਦਿਤਾ ਸੀ।
ਦੋਵਾਂ ਨੇ ਧੀ ਨੂੰ ਗੋਲਗੱਪੇ ਖਾਣ ਦੇ ਬਹਾਨੇ ਬੁਲਾ ਕੇ ਕਤਲ ਕਰ ਦਿਤਾ ਸੀ। ਲੜਕੀ ਨੂੰ ਬੁਖਾਰ ਹੋਣ 'ਤੇ ਪਤੀ ਉਸ ਨੂੰ ਹਸਪਤਾਲ ਲੈ ਗਿਆ ਸੀ। ਇਸ ਦੌਰਾਨ ਮਾਂ ਅਤੇ ਭਰਾ ਉਸ ਨੂੰ ਦਵਾਈ ਦਿਵਾਉਣ ਦੇ ਬਹਾਨੇ ਹਸਪਤਾਲ ਤੋਂ ਲੈ ਗਏ। 

7 ਸਤੰਬਰ 2019 ਨੂੰ ਪਿੰਡ ਗੜ੍ਹੀ ਹਕੀਕਤ ਦੇ ਵਸਨੀਕ ਅਰਜੁਨ ਨੇ ਸਿਟੀ ਥਾਣਾ ਗੋਹਾਣਾ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦਸਿਆ ਕਿ ਉਹ ਪਿੰਡ ਖੰਡਰਾਏ ਵਿਚ ਆਪਣੇ ਨਾਨੇ ਦੇ ਘਰ ਰਹਿੰਦਾ ਸੀ। ਉਸ ਨੇ ਗੋਹਾਨਾ ਆਈਟੀਆਈ ਤੋਂ ਕਾਰ ਪੇਂਟਰ ਵਿਚ ਡਿਪਲੋਮਾ ਕੀਤਾ। ਡੇਢ ਸਾਲ ਪਿੰਡ ਖੰਡਰਾਏ ਵਿੱਚ ਰਿਹਾ। ਇਕ ਮਹੀਨਾ ਪਹਿਲਾਂ ਉਸ ਦਾ ਪਿੰਡ ਖੰਡਰਾਏ ਦੀ ਰਹਿਣ ਵਾਲੀ ਰਿਤੂ (22) ਨਾਲ ਪ੍ਰੇਮ ਵਿਆਹ ਹੋਇਆ ਸੀ।

ਰਿਤੂ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਹੋ ਗਏ। ਅਰਜੁਨ ਨੇ ਪੁਲਿਸ ਨੂੰ ਦਸਿਆ ਸੀ ਕਿ ਉਸ ਦੇ ਸਹੁਰੇ ਵਾਲਿਆਂ ਨੇ ਉਸ ਖ਼ਿਲਾਫ਼ ਪੁਲਿਸ ਕੇਸ ਦਰਜ ਕਰਵਾਇਆ ਸੀ। ਉਸ ਦੀ ਪਤਨੀ ਰਿਤੂ ਨੇ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਨ ਲਈ ਅਦਾਲਤ ਵਿਚ ਬਿਆਨ ਦਿਤੇ ਸਨ।

ਰਿਤੂ ਨੂੰ 7 ਸਤੰਬਰ 2019 ਨੂੰ ਅਚਾਨਕ ਬੁਖਾਰ ਹੋ ਗਿਆ। ਉਸ ਦੀ ਭਰਜਾਈ ਅੰਜਲੀ ਨੇ ਉਸ ਦੇ ਮੋਬਾਈਲ 'ਤੇ ਕਾਲ ਕੀਤੀ ਸੀ। ਉਸ ਨੇ ਗੋਹਾਨਾ ਦੇ ਇੱਕ ਨਿੱਜੀ ਹਸਪਤਾਲ ਵਿਚ ਦਵਾਈ ਦਵਾਉਣ ਦੀ ਗੱਲ ਕਹੀ ਸੀ। ਜਦੋਂ ਉਹ ਰਿਤੂ ਨੂੰ ਲੈ ਕੇ ਗੋਹਾਨਾ ਪਹੁੰਚਿਆ ਤਾਂ ਉਸ ਦਾ ਸਾਲਾ ਸੰਦੀਪ ਅਤੇ ਅਜੀਤ ਉਸ ਨੂੰ ਮਿਲੇ। ਜਦੋਂ ਉਹ ਉਨ੍ਹਾਂ ਨੂੰ ਡਾਕਟਰ ਕੋਲ ਲੈ ਕੇ ਜਾਣ ਲੱਗਾ ਤਾਂ ਉਸ ਦੀ ਸੱਸ ਅਤੇ ਭਰਜਾਈ ਅੰਜਲੀ ਵੀ ਉਸ ਨੂੰ ਮਿਲ ਗਈਆਂ

ਉਹ ਉਸ ਦੀ ਪਤਨੀ ਨੂੰ ਗੋਲਗੱਪੇ ਖਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਜੀਜਾ ਨੇ ਕਿਹਾ ਕਿ ਇਕ ਘੰਟਾ ਇੰਤਜ਼ਾਰ ਕਰੋ, ਉਹ ਖੁਦ ਰਿਤੂ ਨੂੰ ਛੱਡ ਦੇਵੇਗਾ।

ਅਰਜੁਨ ਨੇ ਦਸਿਆ ਕਿ ਉਹ ਕਰੀਬ ਡੇਢ ਘੰਟੇ ਤੱਕ ਉੱਥੇ ਇੰਤਜ਼ਾਰ ਕਰਦਾ ਰਿਹਾ ਪਰ ਰਿਤੂ ਨਹੀਂ ਆਈ। ਉਸ ਤੋਂ ਬਾਅਦ ਉਸ ਦਾ ਸਾਲਾ ਸੰਦੀਪ, ਅਜੀਤ, ਬੰਟੀ ਡੇਢ ਘੰਟੇ ਬਾਅਦ ਹੱਥ ਵਿਚ ਕੁਹਾੜੀ ਲੈ ਕੇ ਪੁੱਜੇ। ਉਨ੍ਹਾਂ ਨੇ ਦਸਿਆ ਕਿ ਰਿਤੂ ਨੂੰ ਲਵ ਮੈਰਿਜ ਕਰਨ ਦੀ ਸਜ਼ਾ ਮਿਲੀ ਸੀ, ਹੁਣ ਉਸ ਨੂੰ ਵੀ ਦੱਸ ਦੇਈਏ। ਅਰਜੁਨ ਨੇ ਦਸਿਆ ਕਿ ਉਹ ਉਨ੍ਹਾਂ ਤੋਂ ਬਚ ਕੇ ਇਕ ਘਰ ਵਿਚ ਵੜ ਕੇ ਉਸ ਦੀ ਛੱਤ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਆਪਣੀ ਪਤਨੀ ਰਿਤੂ ਦੇ ਕਤਲ ਬਾਰੇ ਪਤਾ ਲੱਗਾ। ਉਸ ਦੀ ਪਤਨੀ ਦੀ ਗਰਦਨ ਧੜ ਤੋਂ ਵੱਖ ਕਰਕੇ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ।

ਪੁਲਿਸ ਨੂੰ ਲੜਕੀ ਦੀ ਗਲਾ ਕੱਟੀ ਲਾਸ਼ ਉਸ ਦੇ ਨਾਨਕੇ ਘਰ ਤੋਂ ਮਿਲੀ ਸੀ। ਅਰਜੁਨ ਨੇ ਦਸਿਆ ਕਿ ਉਸ ਦੀ ਪਤਨੀ ਨੂੰ ਸਹੁਰਾ ਉਮੇਦ, ਸੱਸ, ,ਸਾਲੀ ਅੰਜਲੀ, ਸਾਲਾ ਸੰਦੀਪ, ਅਜੀਤ ਉਰਫ ਜੀਤਾ, ਬੰਟੀ ਨੇ ਗਲਾ ਵੱਢ ਕੇ ਮਾਰ ਦਿਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ। ਇਸ ਮਾਮਲੇ 'ਚ ਬਾਅਦ 'ਚ ਤਤਕਾਲੀ ਥਾਣਾ ਇੰਚਾਰਜ ਮਹੀਪਾਲ ਸਿੰਘ ਦੀ ਟੀਮ ਨੇ ਰਿਤੂ ਦੇ ਭਰਾ ਸੰਦੀਪ ਉਰਫ ਕਾਲਾ ਅਤੇ ਅਜੀਤ ਨੂੰ ਜੀਂਦ ਰੋਡ ਖੰਡਰਾਏ ਮੋੜ ਤੋਂ ਗ੍ਰਿਫ਼ਤਾਰ ਕਰ ਲਿਆ, ਜਦਕਿ ਪਿਤਾ ਉਮੇਦ ਅਤੇ ਉਸ ਦੇ ਪਿੰਡ ਦੇ ਬੰਟੀ, ਅਮਿਤ ਉਰਫ ਸਰਪੰਚ ਨੂੰ ਬੜੌਦਾ ਰੋਡ ਮੋੜ ਚੌਕ ਤੋਂ ਗ੍ਰਿਫ਼ਤਾਰ ਕੀਤਾ। 

ਮਾਮਲੇ ਦੀ ਸੁਣਵਾਈ ਤੋਂ ਬਾਅਦ ਏਐਸਜੇ ਸ਼ੈਲੇਂਦਰ ਸਿੰਘ ਨੇ ਲੜਕੀ ਦੇ ਪਿਤਾ ਉਮੇਦ ਸਿੰਘ ਅਤੇ ਭਰਾ ਸੰਦੀਪ ਉਰਫ਼ ਕਾਲਾ ਨੂੰ ਦੋਸ਼ੀ ਠਹਿਰਾਇਆ। ਦੂਜੇ ਦੋਸ਼ੀਆਂ ਨੂੰ ਬਰੀ ਕਰ ਦਿਤਾ। ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਆਈਪੀਸੀ ਦੀ ਧਾਰਾ 302 ਤਹਿਤ ਮੌਤ ਦੀ ਸਜ਼ਾ ਸੁਣਾਈ।

ਏਐਸਜੇ ਸ਼ੈਲੇਂਦਰ ਸਿੰਘ ਨੇ ਕਿਹਾ ਕਿ ਇਹ ਕਾਰਾ ਪੂਰੀ ਤਰ੍ਹਾਂ ਅਣਮਨੁੱਖੀ ਸੀ। ਇਸ ਵਿਚ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਗਈਆਂ। ਵਿਆਹ ਤੋਂ ਬਾਅਦ ਪਿਤਾ ਅਤੇ ਭਰਾ ਨੇ ਲੜਕੀ ਦਾ ਗਲਾ ਵੱਢ ਕੇ ਦਰਦਨਾਕ ਢੰਗ ਨਾਲ ਕਤਲ ਕਰ ਦਿਤਾ ਸੀ। ਇਹ ਅਪਰਾਧ ਦੀ ਸਭ ਤੋਂ ਦੁਰਲੱਭ ਸ਼੍ਰੇਣੀ ਹੈ। ਮੌਤ ਦੀ ਸਜ਼ਾ ਉਨ੍ਹਾਂ ਲਈ ਢੁਕਵੀਂ ਸਜ਼ਾ ਹੈ।