ਮਾਬ ਲਿੰਚਿੰਗ : ਸੋਸ਼ਲ ਮੀਡੀਆ ਦੀ ਅਫਵਾਹਾਂ ਨੇ ਇਕ ਮਹੀਨੇ 'ਚ ਲਈਆਂ 14 ਜਾਨਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਸਲ ਵਿਚ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਤਾਂ ਧੜੱਲੇ ਨਾਲ ਕਰਦੇ ਹਨ ਪਰ ਇਸ ਨੂੰ ਲੈ ਕੇ ਜ਼ਿੰਮੇਵਾਰ ਲੋਕਾਂ ਦੀ ਗਿਣਤੀ ਕਾਫ਼ੀ ਘੱਟ ਹੈ। 

Mob Lynching

ਨਵੀਂ ਦਿੱਲੀ : ਪਿਛਲੇ ਕਾਫ਼ੀ ਸਮੇਂ ਤੋਂ 'ਮਾਬ ਲਿੰਚਿੰਗ' ਭਾਵ ਕਿ ਭੀੜ ਵਲੋਂ ਕੁੱਟਮਾਰ ਕੀਤੇ ਜਾਣ ਦੀਆਂ ਘਟਨਾਵਾਂ ਵਿਚ ਇੰਨਾ ਜ਼ਿਆਦਾ ਵਾਧਾ ਹੋਇਆ ਹੈ ਕਿ ਇਨ੍ਹਾਂ ਦੇ ਚਲਦਿਆਂ ਭੀੜ ਵਲੋਂ 14 ਲੋਕਾਂ ਦੀ ਜਾਨ ਲਈ ਜਾ ਚੁੱਕੀ ਹੈ। ਅਸਲ ਵਿਚ ਮਈ ਅਤੇ ਜੂਨ ਮਹੀਨੇ ਦੌਰਾਨ ਇਹ ਘਟਨਾਵਾਂ ਕੁੱਝ ਜ਼ਿਆਦਾ ਹੀ ਸਾਹਮਣੇ ਆਈਆਂ ਹਨ। ਸੋਸ਼ਲ ਮੀਡੀਆ 'ਤੇ ਬੱਚਾ ਚੋਰੀ ਦੀਆਂ ਅਫ਼ਵਾਹਾਂ 'ਤੇ ਯਕੀਨ ਕਰ ਕੇ ਲੋਕਾਂ ਨੇ ਭੀੜ ਦੇ ਰੂਪ ਵਿਚ ਵੱਖ-ਵੱਖ ਘਟਨਾਵਾਂ ਵਿਚ 14 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਇਹ ਅੰਕੜਾ 20 ਮਈ ਤੋਂ ਲੈ ਕੇ ਹੁਣ ਤਕ (ਇਕ ਮਹੀਨੇ) ਦਾ ਹੈ। ਅਸਲ ਵਿਚ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਤਾਂ ਧੜੱਲੇ ਨਾਲ ਕਰਦੇ ਹਨ ਪਰ ਇਸ ਨੂੰ ਲੈ ਕੇ ਜ਼ਿੰਮੇਵਾਰ ਲੋਕਾਂ ਦੀ ਗਿਣਤੀ ਕਾਫ਼ੀ ਘੱਟ ਹੈ। 

ਆਲਮ ਇਹ ਹੈ ਕਿ ਜੇਕਰ ਕਿਸੇ ਵਲੋਂ ਕਿਸੇ ਵਿਅਕਤੀ ਦੀ ਤਸਵੀਰ ਇਹ ਲਿਖ ਕੇ ਪੋਸਟ ਕੀਤੀ ਜਾਂਦੀ ਹੈ ਕਿ ''ਇਹ ਵਿਅਕਤੀ ਬੱਚਾ ਚੋਰ ਹੈ, ਇਸ ਦੀ ਤਸਵੀਰ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ।'' ਤਾਂ ਇਸ 'ਤੇ ਬਹੁਤ ਸਾਰੇ ਲੋਕ ਬਿਨਾਂ ਕੁੱਝ ਸੋਚੇ ਸਮਝੇ ਤਸਵੀਰ ਨੂੰ ਧੜੱਲੇ ਨਾਲ ਸ਼ੇਅਰ ਕਰਦੇ ਹਨ, ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਜਦੋਂ ਉਹ ਵਿਅਕਤੀ ਕਿਤੇ ਨਜ਼ਰ ਆਉਂਦਾ ਹੈ ਤਾਂ ਲੋਕ ਇਕੱਠੇ ਹੋ ਕੇ ਉਸ 'ਤੇ ਕੋਈ ਕਾਨੂੰਨੀ ਕਾਰਵਾਈ ਕਰਵਾਉਣ ਦੀ ਬਜਾਏ ਉਸ ਨੂੰ ਖ਼ੁਦ ਹੀ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੰਦੇ ਹਨ। ਭਾਵੇਂ ਕਿ ਉਸ ਵਿਅਕਤੀ ਦਾ ਕੋਈ ਦੋਸ਼ ਵੀ ਨਾ ਹੋਵੇ। ਅਜਿਹਾ ਕਈ ਵਾਰ ਹੋ ਚੁੱਕਿਆ ਹੈ।

ਬੀਤੇ ਕੁੱਝ ਸਮੇਂ ਦੌਰਾਨ ਨਿਰਦੋਸ਼ ਲੋਕਾਂ 'ਤੇ ਸ਼ੱਕ ਕਰਨ ਅਤੇ ਉਨ੍ਹਾਂ ਦਾ ਸੋਸ਼ਣ ਕੀਤੇ ਜਾਣ ਦੀਆਂ ਘਟਨਾਵਾਂ ਬਹੁਤ ਤੇਜ਼ੀ ਨਾਲ ਵਧੀਆਂ ਹਨ। ਪਿਛਲੇ ਇਕ ਮਹੀਨੇ ਦੌਰਾਨ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਤੋਂ ਅਜਿਹੀਆਂ ਕਈ ਖ਼ਬਰਾਂ ਆ ਚੁੱਕੀਆਂ ਹਨ, ਜਿਨ੍ਹਾਂ ਵਿਚ ਭੀੜ ਵਲੋਂ ਕੁੱਝ ਲੋਕਾਂ ਦੀ ਸ਼ੱਕ ਦੇ ਆਧਾਰ 'ਤੇ ਹੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ ਗਈ। ਭੀੜ ਵਲੋਂ ਕਿਸੇ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿਤੇ ਜਾਣ ਨੂੰ 'ਮਾਬ ਲਿੰਚਿੰਗ' ਕਿਹਾ ਜਾਂਦਾ ਹੈ। 

ਜੇਕਰ ਆਪਾਂ ਮਈ ਤੋਂ ਲੈ ਕੇ ਜੂਨ ਮਹੀਨੇ ਤਕ ਇਕ ਮਹੀਨੇ ਦੀਆਂ ਖ਼ਬਰਾਂ 'ਤੇ ਨਜ਼ਰ ਮਾਰੀਏ ਤਾਂ ਮਾਬ ਲਿੰਚਿੰਗ ਦੀਆਂ ਘਟਨਾਵਾਂ ਪੱਛਮ ਬੰਗਾਲ, ਅਸਾਮ, ਤ੍ਰਿਪੁਰਾ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਕਰਨਾਟਕ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਓਡੀਸ਼ਾ ਵਿਚ ਸਾਹਮਣੇ ਆਈਆਂ ਹਨ।  ਤਾਜ਼ਾ ਘਟਨਾ ਮੱਧ ਪ੍ਰਦੇਸ਼ ਵਿਚ ਸਾਹਮਣੇ ਆਈ ਹੈ, ਜਿੱਥੇ ਸਿੰਗਰੌਲੀ ਜ਼ਿਲ੍ਹੇ ਵਿਚ ਸੋਸ਼ਲ ਮੀਡੀਆ 'ਤੇ ਫੈਲੀ ਅਫਵਾਹ ਤੋਂ ਬਾਅਦ ਬੱਚਾ ਚੋਰੀ ਕਰਨ ਦੇ ਸ਼ੱਕ ਵਿਚ ਭੀੜ ਨੇ ਬੁਰੀ ਤਰ੍ਹਾਂ ਮਾਰਕੁੱਟ ਕਰਨ ਤੋਂ ਬਾਅਦ ਇਕ ਮਹਿਲਾ ਜੰਗਲਾਤ ਅਧਿਕਾਰੀ ਅਤੇ ਗਾਰਡ ਨੂੰ ਕਾਰ ਵਿਚ ਬੰਦ ਕਰ ਦਿਤਾ। ਲੋਕ ਕਾਰ ਨੂੰ ਅੱਗ ਲਗਾਉਣ ਦੀ ਤਿਆਰ ਵਿਚ ਸਨ ਕਿ ਪੁਲਿਸ ਮੌਕੇ 'ਤੇ ਪਹੁੰਚ ਗਈ।

ਬੀਤੇ ਦਿਨੀਂ ਮਾਬ ਲਿੰਚਿੰਗ ਦੀ ਘਟਨਾ ਤ੍ਰਿਪੁਰਾ ਤੋਂ ਸਾਹਮਣੇ ਆਈ ਹੈ, ਜਿੱਥੇ ਬੀਤੇ ਦਿਨ 28 ਜੂਨ ਨੂੰ ਸ਼ੱਕ ਹੋਣ 'ਤੇ ਲੋਕਾਂ ਦੀ ਭੀੜ ਨੇ ਦੋ ਵਿਅਕਤੀਆਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ। ਦੂਜੀ ਘਟਨਾ ਵੀ ਇਸੇ ਸੂਬੇ ਦੀ ਹੈ, ਜਿਸ ਵਿਚ ਰਾਜ ਸਰਕਾਰ ਵਲੋਂ ਸੇਵਾ 'ਤੇ ਰੱਖੇ ਗਏ ਸਮਾਜਕ ਵਰਕਰ ਸੁਕਾਂਤਾ ਚਕਰਬਰਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ ਗਈ।

ਸੁਕਾਂਤਾ ਨੂੰ ਤ੍ਰਿਪੁਰਾ ਸਰਕਾਰ ਨੇ ਇਸ ਲਈ ਨੌਕਰੀ 'ਤੇ ਰਖਿਆ ਸੀ ਕਿ ਉਹ ਲੋਕਾਂ ਨੂੰ ਸੋਸ਼ਲ ਮੀਡੀਆ ਦੀਆਂ ਅਫ਼ਵਾਹਾਂ ਨੂੰ ਲੈ ਕੇ ਜਾਗਰੂਕ ਕਰ ਸਕਣਗੇ ਪਰ ਉਸ ਦਾ ਅਫ਼ਵਾਹ ਕਾਰਨ ਇੰਨਾ ਭਿਆਨਕ ਅੰਜ਼ਾਮ ਹੋਇਆ, ਜਿਸ ਨੇ ਡੀਜੀਪੀ ਸਮੇਤ ਪੂਰੇ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿਤੇ। ਸੋਸ਼ਲ ਮੀਡੀਆ ਵਿਚ ਜੋ ਅਫ਼ਵਾਹਾਂ ਫੈਲਦੀਆਂ ਹਨ, ਉਨ੍ਹਾਂ ਵਿਚ ਬਾਹਰੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਨੂੰ ਜਾਣਬੁੱਝ ਕੇ 'ਬੱਚਾ ਚੋਰ' ਦਸ ਕੇ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪਾ ਦਿਤੀ ਜਾਂਦੀ ਹੈ, ਫਿਰ ਜੋ ਅੰਜ਼ਾਮ ਹੁੰਦਾ ਹੈ, ਉਹ ਸਭ ਦੇ ਸਾਮਹਣੇ ਹੈ।