ਜਾਨਲੇਵਾ ਬਣਿਆ ਵਿਆਹ ਦਾ ਪ੍ਰੋਗਰਾਮ, ਲਾੜੇ ਦੀ ਹੋਈ ਮੌਤ, 95 ਮਹਿਮਾਨ ਕੋਰੋਨਾ ਪਾਜ਼ੇਟਿਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਟਨਾ ਵਿਚ ਸੋਮਵਾਰ ਨੂੰ ਇਕੱਠੇ 95 ਲੋਕ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ।

Wedding

ਪਟਨਾ:ਬਿਹਾਰ ਦੀ ਰਾਜਧਾਨੀ ਪਟਨਾ ਵਿਚ ਸੋਮਵਾਰ ਨੂੰ ਇਕੱਠੇ 95 ਲੋਕ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਪੂਰਾ ਮਾਮਲਾ ਪਟਨਾ ਤੋਂ ਕਰੀਬ 50 ਕਿਲੋਮੀਟਰ ਦੂਰ ਪਾਲੀਗੰਜ ਇਲਾਕੇ ਦਾ ਹੈ, ਜਿੱਥੇ 15 ਜੂਨ ਨੂੰ ਇਹ ਵਿਆਹ ਵਿਚ ਸ਼ਾਮਲ 95 ਮਹਿਮਾਨ ਕੋਰੋਨਾ ਪਾਜ਼ੇਟਿਵ ਪਾਏ ਗਏ। ਇਹਨਾਂ ਵਿਚੋਂ 80 ਲੋਕਾਂ ਦੀ ਕੋਰੋਨਾ ਰਿਪੋਰਟ ਮੰਗਲਵਾਰ ਨੂੰ ਪਾਜ਼ੇਟਿਵ ਆਈ ਹੈ।

ਜਾਣਕਾਰੀ ਮੁਤਾਬਕ 30 ਸਾਲਾ ਲਾੜਾ ਗੁਰੂਗ੍ਰਾਮ ਵਿਚ ਸਾਫਟਵੇਅਰ ਇੰਜੀਨੀਅਰ ਸੀ ਅਤੇ ਵਿਆਹ ਕਰਵਾਉਣ ਲਈ ਉਹ 12 ਮਈ ਨੂੰ ਪਟਨਾ ਵਿਚ ਅਪਣੇ ਪਿੰਡ ਆਇਆ ਸੀ। ਇਸੇ ਦੌਰਾਨ ਉਸ ਵਿਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਪਰ ਪਰਿਵਾਰ ਵਾਲਿਆਂ ਨੇ ਜਾਂਚ ਕਰਨ ਦੀ ਬਜਾਏ ਉਸ ਦਾ ਵਿਆਹ ਕਰਵਾ ਦਿੱਤਾ।

ਵਿਆਹ ਤੋਂ 2 ਦਿਨ ਬਾਅਦ ਹੀ ਉਸ ਦੀ ਸਿਹਤ ਕਾਫੀ ਵਿਗੜ ਗਈ ਅਤੇ ਪਟਨਾ ਏਮਜ਼ ਵਿਚ ਲਿਜਾਉਣ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਆਹ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਜਾਂਚ ਕਰਵਾਈ। ਜਾਂਚ ਤੋਂ ਬਾਅਦ 15 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਅਤੇ ਹੋਰ 80 ਲੋਕਾਂ ਦੀ ਰਿਪੋਰਟ ਸੋਮਵਾਰ ਨੂੰ ਪਾਜ਼ੇਟਿਵ ਆਈ।

ਹਾਲਾਂਕਿ ਕੋਵਿਡ-19 ਜਾਂਚ ਦੌਰਾਨ ਲਾੜੀ ਦੀ ਰਿਪੋਰਟ ਨੈਗੇਟਿਵ ਆਈ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਿਆਹ ਵਿਚ ਸਿਰਫ 50 ਲੋਕਾਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇਸ ਵਿਆਹ ਵਿਚ ਸੈਂਕੜੇ ਲੋਕ ਮੌਜੂਦ ਹੋਏ।

ਇਸ ਤੋਂ ਪਹਿਲਾਂ ਰਾਜਸਥਾਨ ਦੇ ਭੀਲਵਾੜਾ ਵਿਚ ਇਕ ਵਿਆਹ ਸਮਾਰੋਹ ਵਿਚ 250 ਲੋਕਾਂ ਨੂੰ ਸੱਦਾ ਦੇਣਾ ਪਰਿਵਾਰ ਲਈ ਭਾਰੀ ਪੈ ਗਿਆ। ਬਰਾਤ ਵਿਚ ਕੋਰੋਨਾ ਅਜਿਹਾ ਫੈਲਿਆ ਕਿ 15 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਜਦਕਿ ਕੋਰੋਨਾ ਕਾਰਨ ਲਾੜੇ ਦੇ ਦਾਦੇ ਦੀ ਮੌਤ ਹੋ ਗਈ। ਇਸ ਦੇ ਚਲਦਿਆਂ ਪਰਿਵਾਰ ਨੂੰ ਭਾਰੀ ਜ਼ੁਰਮਾਨਾ ਲਗਾਇਆ ਗਿਆ।