ਚੀਨ ਦੀ ਧੋਖੇਬਾਜ਼ੀ ਫਿਰ ਆਈ ਸਾਹਮਣੇ , ਗਲਵਾਨ ਘਾਟੀ ਦੇ ਨੇੜੇ-ਤੇੜੇ ਵਧਾ ਰਿਹੈ ਫ਼ੌਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

1962 'ਚ ਵੀ ਚੀਨ ਨੇ ਭਾਰਤ ਨਾਲ ਮਿੱਤਰਤਾ ਸਥਾਪਤ ਕਰਨ ਤੋਂ ਬਾਅਦ ਧੋਖੇ ਨਾਲ ਹਮਲਾ ਕਰ ਦਿਤਾ ਸੀ

China

ਨਵੀਂ ਦਿੱਲੀ, 29 ਜੂਨ : 1962 'ਚ ਵੀ ਚੀਨ ਨੇ ਭਾਰਤ ਨਾਲ ਮਿੱਤਰਤਾ ਸਥਾਪਤ ਕਰਨ ਤੋਂ ਬਾਅਦ ਧੋਖੇ ਨਾਲ ਹਮਲਾ ਕਰ ਦਿਤਾ ਸੀ ਤੇ ਅੱਜ ਵੀ ਉਸ ਦੀ ਉਹੀ ਚਾਲ ਨਜ਼ਰ ਆ ਰਹੀ ਹੈ। ਇਕ ਪਾਸੇ ਤਾਂ ਉਹ ਭਾਰਤ ਨਾਲ ਗੱਲਬਾਤ ਦਾ ਢੌਂਗ ਰਚਾ ਰਿਹਾ ਹੈ ਤੇ ਦੂਜੇ ਪਾਸੇ ਯੁੱਧ ਦੀਆਂ ਤਿਆਰੀਆਂ 'ਚ ਲੱਗਾ ਹੋਇਆ ਹੈ।
ਜੇਕਰ ਇਤਿਹਾਸ ਵਲ ਝਾਤੀ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਨੇ ਚੀਨ ਨਾਲ ਮਿੱਤਰਤਾ ਰੱਖਣ ਲਈ ਇਕ ਚੀਨੀ ਵਫ਼ਦ ਨੂੰ ਭਾਰਤ ਦੇ ਦੌਰੇ ਦਾ ਨਿਉਤਾ ਦਿਤਾ ਸੀ ਜਿਹੜਾ ਕਿ ਉਸ ਵੇਲੇ ਭਾਰਤ ਦੇ ਅੰਦਰੂਨੀ ਹਾਲਾਤ ਦਾ ਜਾਇਜ਼ਾ ਲੈ ਕੇ ਗਿਆ ਸੀ

ਤੇ ਉਸ ਵਫ਼ਦ ਨੇ ਤਤਕਾਲੀ ਰਾਸ਼ਟਰਪਤੀ ਨੂੰ ਜਾਣਕਾਰੀ ਦਿਤੀ ਸੀ ਕਿ ਭਾਰਤ ਕੋਲ ਲੜਨ ਦੀ ਸਮਰਥਾ ਨਹੀਂ ਹੈ ਤੇ ਇਸੇ ਦੋਸਤੀ ਦੀ ਆੜ 'ਚ ਚੀਨ ਭਾਰਤ ਦੇ ਕਰੀਬ 42 ਹਜ਼ਾਰ ਵਰਗ ਕਿਲੋਮੀਟਰ 'ਤੇ ਕਾਬਜ਼ ਹੋ ਗਿਆ ਸੀ ਤੇ ਅੱਜ ਵੀ ਉਸ ਦੀ ਉਹੀ ਚਾਲ ਨਜ਼ਰ ਆ ਰਹੀ ਹੈ। ਭਾਰਤ-ਚੀਨ ਵਿਚਾਲੇ ਖਿੱਚੋਤਾਣ ਬਰਕਰਾਰ ਹੈ। ਹਾਲ ਹੀ 'ਚ ਲੱਦਾਖ਼ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਮਾਮਲੇ ਨੂੰ ਸੁਲਝਾਉਣ ਲਈ ਚੀਨ ਅਤੇ ਭਾਰਤ ਵੱਖ-ਵੱਖ ਪੱਧਰਾਂ 'ਤੇ ਗੱਲਬਾਤ ਕਰ ਰਹੇ ਹਨ ਪਰ ਸੈਟੇਲਾਈਟ ਤਸਵੀਰਾਂ ਕੁੱਝ ਹੋਰ ਹੀ ਬਿਆਨ ਕਰ ਰਹੀਆਂ ਹਨ।

ਚੀਨ ਨੇ ਪੂਰਬੀ ਲੱਦਾਖ਼ 'ਚ ਪੈਂਗੋਂਗ ਤਸੋ ਝੀਲ, ਗਲਵਾਨ ਘਾਟੀ ਅਤੇ ਕਈ ਦੂਜੀਆਂ ਥਾਵਾਂ 'ਤੇ ਫ਼ੌਜ ਦੀ ਤਾਇਨਾਤੀ ਵਧਾ ਦਿੱਤੀ ਹੈ। ਸੈਟੇਲਾਈਟ ਤਸਵੀਰਾਂ 'ਚ ਇਸ ਗੱਲ ਦਾ ਪ੍ਰਗਟਾਵਾ ਹੋਇਆ ਹੈ ਕਿ ਜਿਸ ਥਾਂ ਨੂੰ ਲੈ ਕੇ 15 ਜੂਨ 2020 ਨੂੰ ਭਾਰਤੀ ਅਤੇ ਚੀਨ ਫ਼ੌਜ ਵਿਚਾਲੇ ਖ਼ੂਨੀ ਝੜਪ ਹੋਈ ਸੀ, ਉਥੇ ਹੁਣ ਵੀ ਵੱਡੀ ਗਿਣਤੀ ਵਿਚ ਚੀਨੀ ਕੈਂਪ ਲੱਗੇ ਹੋਏ ਹਨ।

 ਪੈਂਗੋਂਗ ਤਸੋ ਝੀਲ ਦੇ ਆਲੇ-ਦੁਆਲੇ ਇਲਾਕੇ ਫ਼ਿੰਗਰ-4 ਵਿਚ ਇਸ ਸਮੇਂ ਚੀਨੀ ਫ਼ੌਜ ਮੌਜੂਦ ਹੈ। ਚੀਨੀ ਫ਼ੌਜ ਦੇ ਟੈਂਟ, ਸਾਜ਼ੋ-ਸਾਮਾਨ ਅਤੇ ਗੱਡੀਆਂ ਵੀ ਮੌਜੂਦ ਹਨ। ਚੀਨ ਨੇ ਇਕ ਰਾਹ ਵੀ ਬਣਾ ਲਿਆ ਹੈ, ਜਿਸ ਦੇ ਜ਼ਰੀਏ ਉਹ ਆਉਣਾ-ਜਾਣਾ ਕਰ ਰਹੇ ਹਨ। ਧੋਖੇਬਾਜ਼ ਚੀਨ ਅਪਣੀ ਫ਼ੌਜ ਕਿਉਂ ਨਹੀਂ ਹਟਾ ਰਿਹਾ ਹੈ। ਸਵਾਲ ਇਹ ਉਠਦਾ ਹੈ ਕਿ ਆਖ਼ਰਕਾਰ ਸਹਿਮਤੀ ਤੋਂ ਬਾਅਦ ਗਲਵਾਨ ਘਾਟੀ 'ਚ ਚੀਨ ਫ਼ੌਜੀ ਪਿੱਛੇ ਨਹੀਂ ਹਟੀ ਜਦਕਿ ਚੀਨ ਨੇ ਇਸ ਨੂੰ ਹਟਾਉਣ ਦਾ ਵਾਅਦਾ ਕੀਤਾ ਸੀ।

ਸੈਟੇਲਾਈਟ ਦੀਆਂ ਤਸਵੀਰਾਂ ਦਸਦੀਆਂ ਹਨ ਕਿ ਇਸ ਖੇਤਰ 'ਚ ਫ਼ੌਜ ਮਸਕਾਂ ਕਰ ਰਹੀ ਹੈ ਤੇ ਚੀਨ ਦੇ ਕੇਂਦਰ ਵਲੋਂ ਫ਼ੌਜ ਲਗਾਤਾਰ ਭਾਰਤੀ ਸਰਹੱਦ ਵਲ ਪਰਵਾਸ ਕਰ ਰਹੀ ਹੈ। ਇਸ ਤੋਂ ਇਹ ਸੰਕੇਤ ਮਿਲ ਰਿਹਾ ਹੈ ਕਿ ਚੀਨ ਅੰਦਰੋ-ਅੰਦਰੀ ਯੁੱਧ ਦੀ ਤਿਆਰੀ 'ਚ ਰੁੱਝਾ ਹੋਇਆ ਹੈ। ਦੂਜੇ ਪਾਸੇ ਭਾਰਤ ਵੀ ਉਸ ਦੀ ਚਾਲਬਾਜ਼ੀ 'ਤੇ ਪੂਰੀ ਨਜ਼ਰ ਰੱਖ ਰਿਹਾ ਹੈ। ਭਾਰਤ ਨੇ ਵੀ ਜਿਥੇ ਐਲ ਏ ਸੀ ਨੇੜੇ ਫ਼ੌਜ ਦੀ ਨਫ਼ਰੀ ਵਧਾ ਦਿਤੀ ਹੈ ਉਥੇ ਹੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼, ਜੰਗੀ ਮਿਜ਼ਾਈਲਾਂ ਤੇ ਟੈਂਕ ਵੀ ਤਾਇਨਾਤ ਕਰ ਦਿਤੇ ਹਨ। ਪਤਾ ਲੱਗਾ ਹੈ ਕਿ ਭਾਰਤ ਨੇ ਸਰਹੱਦ ਨੇੜੇ ਸਖੋਈ ਦੇ ਨਾਲ-ਨਾਲ ਅਪਾਚੇ ਹੈਲੀਕਾਪਟਰ ਵੀ ਤਾਇਨਾਤ ਕੀਤੇ ਹਨ।

ਜ਼ਿਕਰਯੋਗ ਹੈ ਕਿ ਲੱਦਾਖ ਦੀ ਗਲਵਾਨ ਘਾਟੀ 'ਚ 15 ਜੂਨ ਦੀ ਰਾਤ ਨੂੰ ਭਾਰਤ ਅਤੇ ਚੀਨ ਦੇ ਫ਼ੌਜੀਆਂ ਨਾਲ ਖ਼ੂਨੀ ਝੜਪ ਹੋਈ ਸੀ, ਜਿਸ ਦਾ ਭਾਰਤੀ ਫ਼ੌਜ ਨੇ ਮੂੰਹ ਤੋੜ ਜਵਾਬ ਦਿਤਾ ਸੀ। ਇਸ ਝੜਪ ਵਿਚ ਭਾਰਤ ਦੇ 20 ਫ਼ੌਜੀ ਜਵਾਨ ਸ਼ਹੀਦ ਹੋ ਗਏ। (ਏਜੰਸੀ