ਮੈਨੂੰ ਸਾਹ ਨਹੀਂ ਆ ਰਿਹਾ, ਅਲਵਿਦਾ ਡੈਡੀ, ਸਾਰਿਆਂ ਨੂੰ ਅਲਵਿਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੀਡੀਉ ਬਣਾ ਕੇ ਇਲਾਜ ਵਿਚ ਲਾਪਰਵਾਹੀ ਦਾ ਦੋਸ਼ ਲਗਾਉਣ ਵਾਲੇ ਕੋਰੋਨਾ ਮਰੀਜ਼ ਦੀ ਮੌਤ, ਅਫ਼ਸਰਾਂ ਦਾ ਲਾਪਰਵਾਹੀ ਤੋਂ ਇਨਕਾਰ

File Photo

ਹੈਦਰਾਬਾਦ, 29 ਜੂਨ : ਕੋਵਿਡ-19 ਦੇ 34 ਸਾਲਾਂ ਇਕ ਮਰੀਜ਼ ਨੇ ਇਥੇ ਇਕ ਹਸਪਤਾਲ ਦੇ ਬਿਸਤਰੇ ਤੋਂ ਅਪਣੀ ਸੈਲਫ਼ੀ ਵੀਡੀਉ ਬਣਾ ਕੇ ਕਥਿਤ ਤੌਰ 'ਤੇ ਇਲਾਜ ਵਿਚ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਅਪਣੇ ਪਿਤਾ ਨੂੰ ਭੇਜੀ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਹਾਲਾਂਕਿ ਉਸ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸ ਨੂੰ ਦਿਲ ਦਾ ਦੌਰਾ ਲਿਆ ਸੀ ਜਿਸ ਨਾਲ ਉਸ ਦੀ ਮੌਤ ਹੋਈ। ਸੋਸ਼ਲ ਮੀਡੀਆ 'ਤੇ ਜਨਤਕ ਹੋਏ ਇਸ ਛੋਟੇ ਵੀਡੀਉ ਵਿਚ ਮਰੀਜ਼ ਕਹਿ ਰਿਹਾ ਹੈ,''ਮੈਂ ਉਨ੍ਹਾਂ ਨੂੰ ਕਹਿ ਰਿਹਾ ਹਾਂ ਕਿ ਮੈਨੂੰ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਹੈ ਪਰ ਉਨ੍ਹਾਂ ਨੇ ਮੇਰੀ ਗਲ ਨਹੀਂ ਸੁਣੀ ਅਤੇ ਇਸ ਗਲ ਨੂੰ ਤਿੰਨ ਘੰਟੇ ਹੋ ਚੁੱਕੇ ਹਨ। ਮੈ ਸਾਂਹ ਨਹੀਂ ਲੈ ਪਾ ਰਿਹਾ। ਦਿਲ ਦੀ ਧੜਕਣ ਰੁਕ ਗਈ ਹੈ ਅਤੇ ਸਿਰਫ਼ ਫ਼ੇਫੜੇ ਕੰਮ ਕਰ ਰਹੇ ਹਨ। ਅਲਵਿਦਾ ਡੈਡੀ, ਸਾਰਿਆਂ ਨੂੰ ਅਲਵਿਦਾ, ਡੈਡੀ।''

ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿਚ ਭਰਤੀ ਕਰਨ ਤੋਂ ਦੋ ਦਿਨ ਬਾਅਦ 26 ਜੂਨ ਨੂੰ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋਈ। ਤੇਲੰਗਾਨਾ ਦੇ ਸਿਹਤ ਮੰਤਰੀ ਈ ਰਾਜੇਂਦਰ ਨੇ ਮਰੀਜ ਨੂੰ ਆਕਸੀਜ਼ਨ ਅਤੇ ਇਲਾਜ ਮਿਲਣ ਦੀ ਗਲ ਕਹੀ ਹੈ। ਕਾਂਗਰਸ ਦੀ ਸੀਨੀਅਰ ਨੇਤਾ ਅਤੇ ਸਾਬਕਾ ਸਾਂਸਦ ਪੀ.ਪ੍ਰਭਾਕਰ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਹੈ। (ਪੀਟੀਆਈ)