50 ਸਾਲਾਂ ਵਿਚ ਭਾਰਤ ਦੀਆਂ 4.58 ਕਰੋੜ ਔਰਤਾਂ ਹੋਈਆਂ ‘ਲਾਪਤਾ’: ਯੂਐਨ ਰਿਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਨੀਆ ਭਰ ਵਿਚ ਪਿਛਲੇ 50 ਸਾਲ ਵਿਚ ‘ਲਾਪਤਾ’ ਹੋਈਆਂ 14 ਕਰੋੜ 26 ਲੱਖ ਔਰਤਾਂ ਵਿਚੋਂ 4 ਕਰੋੜ 58 ਲੱਖ ਔਰਤਾਂ ਭਾਰਤ ਦੀਆਂ ਹਨ।

Females

ਨਵੀਂ ਦਿੱਲੀ: ਦੁਨੀਆ ਭਰ ਵਿਚ ਪਿਛਲੇ 50 ਸਾਲ ਵਿਚ ‘ਲਾਪਤਾ’ ਹੋਈਆਂ 14 ਕਰੋੜ 26 ਲੱਖ ਔਰਤਾਂ ਵਿਚੋਂ 4 ਕਰੋੜ 58 ਲੱਖ ਔਰਤਾਂ ਭਾਰਤ ਦੀਆਂ ਹਨ। ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਇਕ ਰਿਪੋਰਟ ਵਿਚ ਕਿਹਾ ਹੈ ਕਿ ‘ਲਾਪਤਾ’ ਔਰਤਾਂ ਦੀ ਗਿਣਤੀ ਚੀਨ ਅਤੇ ਭਾਰਤ ਵਿਚ ਸਭ ਤੋਂ ਜ਼ਿਆਦਾ ਹੈ।

ਸੰਯੁਕਤ ਰਾਸ਼ਟਰ ਆਬਾਦੀ ਫੰਡ ਵੱਲੋਂ ਮੰਗਲਵਾਰ ਨੂੰ ਜਾਰੀ ‘ਗਲੋਬਲ ਅਬਾਦੀ ਦੀ ਸਥਿਤੀ 2020’ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਛਲੇ 50 ਸਾਲਾਂ ਵਿਚ ਲਾਪਤਾ ਹੋਈਆਂ ਔਰਤਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਹ ਗਿਣਤੀ 1970 ਵਿਚ ਛੇ ਕਰੋੜ 10 ਲੱਖ ਸੀ ਅਤੇ 2020 ਵਿਚ ਵਧ ਕੇ 14 ਕਰੋੜ 26 ਲੱਖ ਹੋ ਗਈ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਭਾਰਤ ਵਿਚ 2020 ਤੱਕ ਚਾਰ ਕਰੋੜ 58 ਲੱਖ ਅਤੇ ਚੀਨ ਵਿਚ 7 ਕਰੋੜ 23 ਲੱਖ ਔਰਤਾਂ ਲਾਪਤਾ ਹੋਈਆਂ ਹਨ।

ਰਿਪੋਰਟ ਵਿਚ ਕਿਹਾ ਗਿਆ ਹੈ, ‘2013 ਤੋਂ 2017 ਦੌਰਾਨ ਭਾਰਤ ਵਿਚ ਕਰੀਬ 4 ਲੱਖ 60 ਹਜ਼ਾਰ ਬੱਚੀਆਂ ਹਰ ਸਾਲ ਜਨਮ ਲੈਂਦੇ ਹੀ ‘ਲਾਪਤਾ’ ਹੋ ਗਈਆਂ ਹਨ। ਇਕ ਮਾਹਿਰ ਅਨੁਸਾਰ ਕੁੱਲ  ‘ਲਾਪਤਾ’ ਲੜਕੀਆਂ ਵਿਚੋਂ ਕਰੀਬ ਦੋ ਤਿਹਾਈ ਮਾਮਲੇ ਜਨਮ ਸਮੇਂ ਹੋਣ ਵਾਲੀ ਮੌਤ ਦੇ ਤੇ ਇਕ ਤਿਹਾਈ ਮਾਮਲੇ ਲਿੰਗ ਦੇ ਅਧਾਰ ‘ਤੇ ਭੇਦਭਾਵ ਨਾਲ ਸਬੰਧਤ ਹਨ।

ਰਿਪੋਰਟ ਵਿਚ ਮਾਹਿਰਾਂ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਲਿੰਗ ਦੇ ਅਧਾਰ ‘ਤੇ ਭੇਦਭਾਵ ਦੇ ਕਾਰਨ ਦੁਨੀਆ ਭਰ ਵਿਚ ਹਰ ਸਾਲ  ‘ਲਾਪਤਾ’ ਹੋਣ ਵਾਲੀਆਂ ਅਨੁਮਾਨਤ 12 ਲੱਖ ਤੋਂ 15 ਲੱਖ ਬੱਚੀਆਂ ਵਿਚੋਂ 90 ਤੋਂ 95 ਫੀਸਦੀ ਚੀਨ ਅਤੇ ਭਾਰਤ ਦੀਆਂ ਹੁੰਦੀਆਂ ਹਨ।

ਇਸ ਵਿਚ ਕਿਹਾ ਗਿਆ ਹੈ ਕਿ ਪ੍ਰਤੀ ਸਾਲ ਜਨਮ ਦੀ ਗਿਣਤੀ ਦੇ ਮਾਮਲੇ ਵਿਚ ਹੀ ਇਹ ਦੋਵੇਂ ਦੇਸ਼ ਸਭ ਤੋਂ ਅੱਗੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲੜਕੀਆਂ ਦੀ ਬਜਾਏ ਲੜਕਿਆਂ ਨੂੰ ਪਹਿਲ ਦੇਣ ਦੇ ਕਾਰਨ ਕੁਝ ਦੇਸ਼ਾਂ ਵਿਚ ਔਰਤਾਂ ਅਤੇ ਮਰਦਾਂ ਦੇ ਅਨੁਪਾਤ ਵਿਚ ਵੱਡਾ ਬਦਲਾਅ ਆਇਆ ਹੈ ਅਤੇ ਇਸ ਜਨਸੰਖਿਆ ਦੇ ਅਸੰਤੁਲਨ ਦਾ ਵਿਆਹ ਪ੍ਰਣਾਲੀਆਂ 'ਤੇ ਜ਼ਰੂਰ ਅਸਰ ਪਵੇਗਾ।

ਉਹਨਾਂ ਕਿਹਾ ਕਿ ਕੁਝ ਅਧਿਐਨਾਂ ਵਿਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਇਹ ਸੰਭਾਵਨਾ ਹੈ ਕਿ ਭਾਰਤ ਵਿਚ ਲਾੜੀਆਂ ਦੀ ਤੁਲਨਾ ਵਿਚ ਲਾੜਿਆਂ ਦੀ ਗਿਣਤੀ ਵਧਣ ਸਬੰਧੀ 2055 ਵਿਚ ਸਭ ਤੋਂ ਖ਼ਰਾਬ ਸਥਿਤੀ ਹੋਵੇਗੀ।