ਨਵੀਂ ਦਿੱਲੀ, 29 ਜੂਨ : ਪੂਰਬੀ ਲਦਾਖ਼ ਵਿਚ ਚੀਨ ਨਾਲ ਤਲਖ਼ੀ ਦੀ ਪਿਠ ਭੂਮੀ ਵਿਚ ਭਾਰਤੀ ਜਲ ਸੈਨਾ ਨੇ ਅਪਣੇ ਨਿਗਰਾਨੀ ਅਭਿਆਨਾਂ ਵਿਚ ਵਾਧਾ ਕਰ ਦਿਤਾ ਹੈ। ਘਟਨਾਕ੍ਰਮ ਤੋਂ ਜਾਣੂ ਲੋਕਾਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਭਾਰਤੀ ਜਲ ਸੈਨਾ ਤੇਜ਼ੀ ਨਾਲ ਬਦਲ ਰਹੇ ਖੇਤਰੀ ਸੁਰੱਖਿਆ ਮਾਮਲੇ ਦੇ ਮੱਦੇਨਜ਼ਰ ਮਿੱਤਰ ਅਮਰੀਕੀ ਜਲ ਸੈਨਾ ਅਤੇ ਜਪਾਨ ਸਮੁੰਦਰੀ ਆਤਮ ਰਖਿਆ ਬਲ (ਜੇਐਮਐਸਡੀਐਫ਼) ਨਾਲ ਅਪਣੇ ਸੰਚਾਲਨ ਸਹਿਯੋਗ ਨੂੰ ਵੀ ਵਧਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਸਨਿਚਰਵਾਰ ਨੂੰ ਭਾਰਤੀ ਜਲ ਸੈਨਾ ਨੇ ਹਿੰਦ ਮਹਾਂਸਾਗਰ ਖੇਤਰ ਵਿਚ ਜੇਐਮਐਸਡੀਐਫ਼ ਨਾਲ ਇਕ ਮਹੱਤਵਪੂਰਨ ਅਭਿਆਸ ਕੀਤਾ।
ਉਸ ਖੇਤਰ ਵਿਚ ਚੀਨੀ ਜਲ ਸੈਨਾ ਦੇ ਜਹਾਜ਼ਾਂ ਨਾਲ ਹੀ ਉਸ ਦੀਆਂ ਪਣਡੁੱਬੀਆਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਭਾਰਤੀ ਜਲ ਸੈਨਾ ਦੇ ਜਹਾਜ਼ ਆਈਐਨਐਸ ਰਾਣਾ ਅਤੇ ਆਈਐਨਐਸ ਕੁਲਿਸ਼ ਅਭਿਆਸ ਵਿਚ ਸ਼ਾਮਲ ਹੋਏ। ਇਸ ਅਭਿਆਸ ਦਾ ਇਸ ਲਈ ਵੀ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਪੂਰਬੀ ਲਦਾਖ਼ ਵਿਚ ਚੀਨ ਨਾਲ ਭਾਰਤ ਦੇ ਟਕਰਾਅ ਅਤੇ ਦਖਣੀ ਚੀਨ ਸਮੁੰਦਰ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨੀ ਜਲ ਸੈਨਾ ਦੇ ਹਮਲਾਵਰ ਰੁਖ਼ ਵਿਚਾਲੇ ਹੈ। ਇਕ ਸੂਤਰ ਨੇ ਕਿਹਾ ਕਿ ਅਭਿਆਸ ਦਾ ਉਦੇਸ਼ ਦੋਹਾਂ ਫ਼ੌਜਾਂ ਵਿਚਾਲੇ ਤਾਲਮੇਲ ਅਤੇ ਆਪਸੀ ਸਮਝ ਵਧਾਉਣਾ ਸੀ। (ਪੀਟੀਆਈ)