ਪਟਰੌਲ- ਡੀਜ਼ਲ ਦਾ ਮੁੱਲ ਨਵੀਂ ਉਚਾਈ 'ਤੇ, ਲਗਾਤਾਰ 22ਵੇਂ ਦਿਨ ਵਧੀਆਂ ਕੀਮਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦਾ ਪਟਰੌਲ-ਡੀਜ਼ਲ ਮੁੱਲ ਵਾਧੇ ਵਿਰੁਧ ਦੇਸ਼ ਵਿਆਪੀ ਪ੍ਰਦਰਸ਼ਨ

petrol diesel

ਨਵੀਂ ਦਿੱਲੀ, 29 ਜੂਨ : ਪਟਰੌਲ ਤੇ ਡੀਜ਼ਲ ਦੇ ਮੁੱਲ ਵਿਚ ਵਾਧੇ ਦਾ ਸਿਲਸਿਲਾ ਲਗਾਤਾਰ 22ਵੇਂ ਦਿਨ ਵੀ ਜਾਰੀ ਰਿਹਾ। ਡੀਜ਼ਲ ਦਾ ਮੁੱਲ ਸੋਮਵਾਰ ਨੂੰ 13 ਪੈਸੇ ਵੱਧ ਕੇ 80.53 ਰੁਪਏ ਪ੍ਰਤੀ ਲੀਟਰ ਦੀ ਨਵੀਂ ਉਚਾਈ 'ਤੇ ਪਹੁੰਚ ਗਿਆ। ਪਿਛਲੇ ਤਿੰਨ ਹਫ਼ਤਿਆਂ ਵਿਚ ਡੀਜ਼ਲ ਦੇ ਮੁੱਲ ਵਿਚ ਕੁਲ ਮਿਲਾ ਕੇ 11.14 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ।

ਕਾਂਗਰਸ ਨੇ ਪਟਰੌਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਵਿਰੁਧ ਦੇਸ਼ ਵਿਆਪੀ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੋਂ ਮੁੱਲ ਵਾਧਾ ਤੁਰਤ ਵਾਪਸ ਲੈਣ ਅਤੇ ਪਟਰੌਲ ਉਤਪਾਦਾਂ ਨੂੰ ਮਾਲ ਅਤੇ ਸੇਵਾ ਟੈਕਸ (ਜੀਐਸਟੀ) ਦੇ ਦਾਇਰੇ ਵਿਚ ਲਿਆਉਣ ਦੀ ਮੰਗ ਕੀਤੀ ਗਈ। ਭਾਰਤੀ ਯੁਵਾ ਕਾਂਗਰਸ ਦੇ ਪ੍ਰਧਾਨ ਸ਼੍ਰੀਨਿਵਾਸ ਬੀਵੀ ਦੀ ਅਗਵਾਈ ਵਿਚ ਸੰਗਠਨ ਦੇ ਵਰਕਰਾਂ ਨੇ ਬੈਲ ਗੱਡੀ ਨਾਲ ਜਲੂਸ ਕੱਢ ਕੇ ਵਿਰੋਧ ਜਤਾਇਆ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਟਰੌਲ ਤੇ ਡੀਜ਼ਲ ਦੇ ਮੁੱਲ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ 'ਬੇਇਨਸਾਫ਼ੀ' ਕਰਾਰ ਦਿਤਾ ਅਤੇ ਮਹਾਂਮਾਰੀ ਸਮੇਂ ਇਸ ਵਾਧੇ ਨੂੰ ਤੁਰਤ ਵਾਪਸ ਲੈ ਕੇ ਦੇਸ਼ ਦੀ ਜਨਤਾ ਨੂੰ ਰਾਹਤ ਦੇਣ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ। ਸੋਨੀਆ ਨੇ ਸਰਕਾਰ ਵਲੋਂ ਉਤਪਾਦ ਟੈਕਸ ਵਿਚ ਵਾਧਾ ਕਰ ਕੇ ਲੱਖਾਂ ਕਰੋੜਾਂ ਰੁਪਏ ਦਾ ਵਾਧੂ ਮਾਲੀਆ ਇਕੱਠਾ ਕਰਨ ਦਾ ਦਾਅਵਾ ਕੀਤਾ ਗਿਆ ਅਤੇ ਕਿਹਾ ਕਿ ਲੰਘੇ ਮਾਰਚ ਮਹੀਨੇ ਤੋਂ ਬਾਅਦ ਉਤਪਾਦ ਟੈਕਸ ਵਿਚ ਕੀਤਾ ਗਿਆ ਵਾਧਾ ਵੀ ਵਾਪਸ ਲਿਆ ਜਾਵੇ।

ਸੋਨੀਆ ਨੇ ਪਟਰੌਲ-ਡੀਜ਼ਲ ਦੇ ਮੁੱਲ ਵਿਚ ਵਾਧੇ ਵਿਰੁਧ ਕਾਂਗਰਸ ਵਲੋਂ ਸੋਸ਼ਲ ਮੀਡੀਆ 'ਤੇ ਚਲਾਏ ਗਏ 'ਸਵੀਪ ਅਪ ਅਗੇਂਸਟ ਫਿਊਲ ਹਾਈਕ' ਅਭਿਆਨ ਤਹਿਤ ਵੀਡੀਉ ਸੁਨੇਹੇ ਜਾਰੀ ਕਰ ਕੇ ਸਰਕਾਰ ਤੋਂ ਇਹ ਮੰਗ ਕੀਤੀ। ਕਾਂਗਰਸ ਮੁਤਾਬਕ, ਉਸ ਦੇ ਆਗੂਆਂ ਅਤੇ ਵਰਕਰਾਂ ਨੇ ਤੇਲ ਮੁੱਲ ਵਾਧੇ ਵਿਰੁਧ ਦੇਸ਼ ਵਿਆਪੀ ਪ੍ਰਦਰਸ਼ਨ ਕੀਤਾ ਅਤੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿਤਾ।

ਸੋਨੀਆਂ ਗਾਂਧੀ ਨੇ ਦੋਸ਼ ਲਗਾਇਆ,''25 ਮਾਰਚ ਤੋਂ ਲਗਾਈ ਗਈ ਤਾਲਾਬੰਦੀ ਤੋਂ ਬਾਅਦ ਪਿਛਲੇ ਤਿੰਨ ਮਹੀਨਿਆਂ ਵਿਚ ਮੋਦੀ ਸਰਕਾਰ ਨੇ 22 ਵਾਰ ਪਟਰੌਲ ਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਕੀਤਾ ਹੈ। ਸਰਕਾਰ ਨੇ ਉਤਪਾਦ ਟੈਕਸ ਵਧਾ ਕੇ ਵੀ ਸਾਲਾਨਾ ਲੱਖਾਂ ਰੁਪਏ ਕਮਾਉਣ ਦਾ ਕੰਮ ਕੀਤਾ। ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਕੱਚੇ ਤੇਲ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਲਗਾਤਾਰ ਘੱਟ ਹੋ ਰਹੀ ਹੈ। (ਪੀਟੀਆਈ)