ਛੇਤੀ ਹੀ ਭਾਰਤੀ ਸਰਹੱਦਾਂ ਦੀ ਰਾਖੀ ਕਰੇਗਾ ਰਾਫ਼ੇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਨੂੰ ਛੇ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ 27 ਜੁਲਾਈ ਤਕ ਮਿਲਣ ਦੀ ਸੰਭਾਵਨਾ ਹੈ।

Rafale

ਨਵੀਂ ਦਿੱਲੀ, 29 ਜੂਨ : ਭਾਰਤ ਨੂੰ ਛੇ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ 27 ਜੁਲਾਈ ਤਕ ਮਿਲਣ ਦੀ ਸੰਭਾਵਨਾ ਹੈ। ਇਨ੍ਹਾਂ ਜਹਾਜ਼ਾਂ ਨਾਲ ਭਾਰਤੀ ਹਵਾਈ ਫ਼ੌਜ ਦੀ ਲੜਾਕੂ ਸਮਰਥਾ ਵਿਚ ਜ਼ਿਕਰਯੋਗ ਵਾਧਾ ਹੋਵੇਗਾ। ਪੂਰਬੀ ਲਦਾਖ਼ ਦੀ ਗਲਵਾਨ ਘਾਟੀ ਵਿਚ ਚੀਨ ਨਾਲ ਫ਼ੌਜੀ ਝੜਪ ਤੋਂ ਬਾਅਦ ਦੋ ਹਫ਼ਤਿਆਂ ਤੋਂ ਹਵਾਈ ਫ਼ੌਜ ਅਲਰਟ 'ਤੇ ਹੈ। ਉਸ ਝੜਪ ਵਿਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਦੋਵੇਂ ਫ਼ੌਜਾਂ ਸੱਤ ਹਫ਼ਤਿਆਂ ਤੋਂ ਉਸ ਖੇਤਰ ਵਿਚ ਆਹਮੋ ਸਾਹਮਣੇ ਹਨ।
ਰਖਿਆ ਮੰਤਰੀ ਰਾਜਨਾਥ ਸਿੰਘ ਨੇ ਦੋ ਜੂਨ ਨੂੰ ਫ਼੍ਰਾਂਸੀਸੀ ਹਮਰੁਤਬਾ ਫਲੋਰੇਂਸ ਪਰਲੀ ਨਾਲ ਗਲਬਾਤ ਕੀਤੀ ਸੀ।

ਗਲਬਾਤ ਵਿਚ ਉਨ੍ਹਾਂ ਨੇ ਦਸਿਆ ਕਿ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਭਾਰਤ ਨੂੰ ਰਾਫੇਲ ਜੈੱਟ ਜਹਾਜ਼ਾਂ ਦੀ ਪੂਰਤੀ ਨਿਰਧਾਰਤ ਸਮੇਂ 'ਤੇ ਕੀਤੀ ਜਾਵੇਗੀ। ਫ਼ੌਜ ਅਧਿਕਾਰੀਆਂ ਨੇ ਨਾਮ ਨਾ ਛਾਪਣ ਦੀ ਬੇਨਤੀ ਨਾਲ ਕਿਹਾ ਕਿ ਰਾਫੇਲ ਜਹਾਜ਼ਾਂ ਦੇ ਆਉਣ ਨਾਲ ਭਾਰਤੀ ਹਵਾਈ ਫ਼ੌਜ ਦੀ ਸਾਰੀ ਲੜਾਕੂ ਸਮਰਥਾ ਵਿਚ ਕਾਫੀ ਵਾਧਾ ਹੋਵੇਗਾ ਅਤੇ ਇਹ ਭਾਰਤ ਦੇ 'ਵਿਰੋਧੀਆਂ' ਲਈ ਇਕ ਸਪੱਸ਼ਟ ਸੁਨੇਹਾ ਹੋਵੇਗਾ। ਇਸ ਬਾਰੇ ਪੁੱਛੇ ਜਾਣ 'ਤੇ ਭਾਰਤੀ ਹਵਾਈ ਫ਼ੌਜ ਨੇ ਕੋਈ ਟਿੱਪਣੀ ਨਹੀਂ ਕੀਤੀ।
ਜਹਾਜ਼ਾਂ ਦਾ ਪਹਿਲਾ ਸਕਵਾਡਰਨ ਹਵਾਈ ਫ਼ੌਜ ਦੇ ਅੰਬਾਲਾ ਸਟੇਸ਼ਨ 'ਤੇ ਤੈਨਾਤ ਕੀਤਾ ਜਾਵੇਗਾ

ਜਿਸ ਨੂੰ ਭਾਰਤੀ ਹਵਾਈ ਫ਼ੌਜ ਲਈ ਮਹੱਤਵਪੂਰਨ ਠਿਕਾਣਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਭਾਰਤ ਨੇ ਸਤੰਬਰ 2016 ਵਿਚ ਫ਼੍ਰਾਂਸ ਨਾਲ ਲਗਭਗ 58,000 ਕਰੋੜ ਰੁਪਏ ਦੀ ਲਾਗਤ ਨਾਲ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖ਼ਰੀਦ ਲਈ ਸਮਝੌਤੇ 'ਤੇ ਹਤਾਖ਼ਰ ਕੀਤੇ ਸਨ। ਇਹ ਜਹਾਜ਼ ਕਈ ਸ਼ਕਤੀਸ਼ਾਲੀ ਹਥਿਆਰਾਂ ਨੂੰ ਲਜਾਣ ਵਿਚ ਸਮਰਥ ਹੈ। ਇਸ ਵਿਚ ਯੂਰਪੀ ਮਿਸਾਈਲ ਨਿਰਮਾਤਾ ਐਮ.ਬੀ.ਡੀ.ਏ ਦਾ ਮੋਟਾਰ ਮਿਸਾਈਲ ਸ਼ਾਮਲ ਹੈ। ਰਾਫੇਲ ਦਾ ਦੂਜਾ ਸ ਕਵਾਰਡਨ ਪਛਮੀ ਬੰਗਾਲ ਵਿਚ ਹਾਸੀਮਾਰਾ ਬੇਸ 'ਤੇ ਤੈਨਾਤ ਕੀਤਾ ਜਾਵੇਗਾ। ਇਨ੍ਹਾਂ 36 ਰਾਫੇਲ ਜਹਾਜ਼ਾਂ ਵਿਚ 30 ਲੜਾਈ ਲਈ ਜਦੋਂਕਿ ਛੇ ਟਰੇਨਿੰਗ ਲਈ ਹੋਣਗੇ। (ਪੀਟੀਆਈ)