ਕਨ੍ਹਈਆ ਦੇ ਪਰਿਵਾਰ ਲਈ 24 ਘੰਟਿਆਂ 'ਚ ਇਕੱਠੇ ਕੀਤੇ ਇਕ ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਆਨਲਾਈਨ ਦਾਨ ਦੀ ਪਹਿਲ ਕੀਤੀ ਸ਼ੁਰੂ

Kapil Mishra

 

ਉਦੈਪੁਰ: ਰਾਜਸਥਾਨ ਦੇ ਉਦੈਪੁਰ ਵਿੱਚ ਕਨ੍ਹਈਆ ਲਾਲ ਸਾਹੂ ਦੀ ਬੇਰਹਿਮੀ ਨਾਲ ਹੱਤਿਆ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਇਸ ਦੌਰਾਨ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਕਨ੍ਹਈਆ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਇੰਟਰਨੈੱਟ ਰਾਹੀਂ ਆਨਲਾਈਨ ਦਾਨ ਲੈ ਕੇ 1 ਕਰੋੜ ਰੁਪਏ ਇਕੱਠੇ ਕੀਤੇ ਹਨ। ਉਸ ਦੀ ਅਪੀਲ ਦੇ 24 ਘੰਟਿਆਂ ਦੇ ਅੰਦਰ, ਸਾਢੇ ਨੌਂ ਹਜ਼ਾਰ ਤੋਂ ਵੱਧ ਲੋਕਾਂ ਨੇ ਕਰਾਊਡ ਕੈਸ਼ ਨਾਮ ਦੀ ਵੈੱਬਸਾਈਟ 'ਤੇ ਆਨਲਾਈਨ ਦਾਨ ਕੀਤਾ ਹੈ।

 

 

ਕਪਿਲ ਮਿਸ਼ਰਾ ਨੇ ਦੱਸਿਆ ਕਿ ਮੰਗਲਵਾਰ ਰਾਤ 10:00 ਵਜੇ ਟਵਿਟਰ ਅਤੇ ਫੇਸਬੁੱਕ 'ਤੇ ਆਨਲਾਈਨ ਦਾਨ ਲਈ ਅਪੀਲ ਕੀਤੀ ਗਈ। ਇਸ ਤੋਂ ਬਾਅਦ ਬੁੱਧਵਾਰ ਸ਼ਾਮ ਤੱਕ ਲੋਕਾਂ ਨੇ 1,02,31,533 ਰੁਪਏ ਦਾਨ ਕੀਤੇ ਹਨ। ਸਾਡਾ ਟੀਚਾ 1,25,00,000 ਰੁਪਏ ਹੈ। ਇਸ ਵਿੱਚ ਕਨ੍ਹਈਆ ਦੀ ਪਤਨੀ ਨੂੰ ਇੱਕ ਕਰੋੜ ਰੁਪਏ ਦਿੱਤੇ ਜਾਣਗੇ। ਕਨ੍ਹਈਆ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਜ਼ਖਮੀ ਹੋਏ ਈਸ਼ਵਰ ਸਿੰਘ ਨੂੰ 25 ਲੱਖ ਰੁਪਏ ਦਿੱਤੇ ਜਾਣਗੇ। ਉਸ ਨੂੰ ਉਮੀਦ ਹੈ ਕਿ ਵੀਰਵਾਰ ਸਵੇਰ ਤੱਕ ਟੀਚਾ ਪੂਰਾ ਹੋ ਜਾਵੇਗਾ।

 

 

ਇਕ-ਦੋ ਦਿਨਾਂ ਬਾਅਦ ਉਹ ਉਦੈਪੁਰ ਜਾ ਕੇ ਦੋਵਾਂ ਦੇ ਪਰਿਵਾਰਾਂ ਨੂੰ ਮਿਲਣਗੇ ਅਤੇ ਉਨ੍ਹਾਂ ਨੂੰ ਆਰਥਿਕ ਮਦਦ ਕਰਨਗੇ। ਉਨ੍ਹਾਂ ਦੱਸਿਆ ਕਿ ਆਨਲਾਈਨ ਦਾਨ ਦੇਣ ਵਾਲੇ ਕਈ ਲੋਕਾਂ ਨੇ ਆਪਣੇ ਨਾਂ ਗੁਪਤ ਰੱਖੇ ਹੋਏ ਹਨ। ਲੋਕਾਂ ਨੇ ਸੌ ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦਾਨ ਦਿੱਤਾ ਹੈ। ਕਪਿਲ ਮਿਸ਼ਰਾ ਨੇ ਕਿਹਾ ਕਿ ਉਦੈਪੁਰ ਵਿੱਚ ਵਾਪਰੀ ਇਸ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਸਮੇਂ ਪੂਰਾ ਦੇਸ਼ ਪੀੜਤ ਪਰਿਵਾਰ ਦੇ ਨਾਲ ਖੜ੍ਹਾ ਹੈ।

 

ਦੂਜੇ ਪਾਸੇ ਜਮੀਅਤ ਉਲੇਮਾ-ਏ-ਹਿੰਦ ਨੇ ਵੀ ਉਦੈਪੁਰ ਕਾਂਡ ਦੀ ਨਿੰਦਾ ਕੀਤੀ ਹੈ। ਜਮੀਅਤ ਦੇ ਜਨਰਲ ਸਕੱਤਰ ਮੌਲਾਨਾ ਹਕੀਮੂਦੀਨ ਕਾਸਮੀ ਨੇ ਪਵਿੱਤਰ ਪੈਗੰਬਰ ਦੇ ਕਥਿਤ ਅਪਮਾਨ ਦੇ ਸੰਦਰਭ ਵਿੱਚ ਉਦੈਪੁਰ ਵਿੱਚ ਹੋਏ ਕਤਲ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ- ਜਿਸ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਹ ਦੇਸ਼ ਦੇ ਕਾਨੂੰਨ ਅਤੇ ਸਾਡੇ ਧਰਮ ਦੇ ਵਿਰੁੱਧ ਹੈ।