ਕਾਬੁਲ 'ਚ ਜਾਨਾਂ ਗਵਾਉਣ ਵਾਲੇ ਵਿਅਕਤੀ ਦੀਆਂ 'ਅਸਥੀਆਂ' ਲੈ ਕੇ ਭਾਰਤ ਆਵੇਗਾ ਅਫ਼ਗ਼ਾਨ ਸਿੱਖਾਂ ਦਾ ਜਥਾ
ਅਫ਼ਗ਼ਾਨਿਸਤਾਨ ਦੇ ਕਰਤੇ ਪਰਵਾਨ ਗੁਰਦੁਆਰਾ ਸਾਹਿਬ 'ਤੇ ਹੋਇਆ ਸੀ ਹਮਲਾ
ਨਵੀਂ ਦਿੱਲੀ : ਬੀਤੇ ਦਿਨੀਂ ਅਫ਼ਗ਼ਾਨਿਸਤਾਨ ਦੇ ਕਾਬੁਲ ਸਥਿਤ ਗੁਰੂਦਵਾਰਾ ਸਾਹਿਬ ਵਿਖੇ ਹੋਏ ਹਮਲੇ ਵਿਚ ਜਾਨਾਂ ਗਵਾਉਣ ਵਾਲੇ ਵਿਅਕਤੀਆਂ ਦੀਆਂ ਅਸਥੀਆਂ ਭਾਰਤ ਲਿਆਂਦੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਅਫ਼ਗ਼ਾਨ ਸਿੱਖਾਂ ਦਾ ਜਥਾ ਅੱਜ ਭਾਰਤ ਆਵੇਗਾ। ਭਾਰਤ ਸਰਕਾਰ ਨੇ 19 ਜੂਨ ਨੂੰ ਅਫ਼ਗ਼ਾਨਿਸਤਾਨ ਦੇ 111 ਹਿੰਦੂਆਂ ਅਤੇ ਸਿੱਖਾਂ ਨੂੰ ਐਮਰਜੈਂਸੀ ਈ-ਵੀਜ਼ੇ ਦਿੱਤੇ ਸਨ।
ਇਹ ਕਦਮ ਉਦੋਂ ਚੁੱਕਿਆ ਗਿਆ ਸੀ ਜਦੋਂ ਕੁਝ ਘੰਟੇ ਪਹਿਲਾਂ ਅਫ਼ਗ਼ਾਨਿਸਤਾਨ ਦੇ ਕਰਤੇ ਪਰਵਾਨ ਗੁਰਦੁਆਰਾ ਸਾਹਿਬ 'ਤੇ ਹੋਏ ਅੱਤਵਾਦੀ ਹਮਲੇ 'ਚ ਸਵਿੰਦਰ ਸਿੰਘ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਚਲਦੇ ਹੀ ਅੱਜ 11 ਅਫ਼ਗ਼ਾਨ ਸਿੱਖਾਂ ਦਾ ਜਥਾ ਉਨ੍ਹਾਂ ਦੀਆਂ ਅਸਥੀਆਂ ਲੈ ਕੇ ਭਾਰਤ ਆਵੇਗਾ। ਜ਼ਿਕਰਯੋਗ ਹੈ ਕਿ ਸਵਿੰਦਰ ਸਿੰਘ ਕਾਬੁਲ ਵਿੱਚ ‘ਪਾਨ’ ਦੀ ਦੁਕਾਨ ਚਲਾਉਂਦਾ ਸੀ ਅਤੇ ਗੁਰਦੁਆਰੇ ਵਿੱਚ ਰਹਿੰਦਾ ਸੀ। ਉਨ੍ਹਾਂ ਦਾ ਪਰਿਵਾਰ ਦਿੱਲੀ ਵਿੱਚ ਰਹਿੰਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਭਾਰਤੀ ਵਿਸ਼ਵ ਮੰਚ ਅਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ 11 ਅਫ਼ਗ਼ਾਨ ਸਿੱਖਾਂ ਦੀ ਆਮਦ ਦਾ ਪ੍ਰਬੰਧ ਕੀਤਾ ਹੈ। ਭਾਰਤੀ ਵਿਸ਼ਵ ਮੰਚ ਦੇ ਨੁਮਾਇੰਦੇ ਨੇ ਦੱਸਿਆ ਕਿ ਅਫ਼ਗ਼ਾਨਿਸਤਾਨ ਤੋਂ 11 ਸਿੱਖ ਸਵਿੰਦਰ ਸਿੰਘ ਦੀਆਂ ਅਸਥੀਆਂ ਲੈ ਕੇ ਦਿੱਲੀ ਹਵਾਈ ਅੱਡੇ 'ਤੇ ਪਹੁੰਚਣਗੇ।
ਹਮਲੇ ਵਿੱਚ ਜ਼ਖ਼ਮੀ ਹੋਇਆ ਰਕਬੀਰ ਸਿੰਘ ਵੀ ਇਸੇ ਗਰੁੱਪ ਦਾ ਹਿੱਸਾ ਹਨ।ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਇਹ ਜਥਾ ਤਿਲਕ ਨਗਰ ਸਥਿਤ ਗੁਰਦੁਆਰਾ ਗੁਰੂ ਅਰਜਨ ਦੇਵ ਦੇ ਦਰਸ਼ਨਾਂ ਲਈ ਜਾਵੇਗਾ। ਉਨ੍ਹਾਂ ਦੀ ਯਾਤਰਾ ਦਾ ਖਰਚਾ ਸ਼੍ਰੋਮਣੀ ਕਮੇਟੀ ਚੁੱਕ ਰਹੀ ਹੈ। ਇਹ ਭਾਰਤ ਵਿੱਚ ਮੁੜ ਵਸੇਬੇ ਦੀ ਮੰਗ ਕਰਨ ਵਾਲੇ ਲੋਕਾਂ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕਰੇਗਾ।