ਵਿਆਹ ਦੇ ਡੇਢ ਮਹੀਨੇ ਬਾਅਦ ਨੌਜੁਆਨ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਤਨੀ ਨੂੰ ਛੱਡ ਕੇ ਘਰ ਪਰਤ ਰਿਹਾ ਸੀ

photo

 

ਰਾਜਸਥਾਨ : ਬਾੜਮੇਰ ਵਿਚ ਸੜਕ ਹਾਦਸੇ ਵਿਚ ਇੱਕ ਨੌਜੁਆਨ ਦੀ ਦਰਦਨਾਕ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਨੌਜੁਆਨ ਕਰੀਬ ਡੇਢ ਘੰਟੇ ਤੱਕ ਸੜਕ 'ਤੇ ਤੜਫਦਾ ਰਿਹਾ।

ਨੌਜੁਆਨ ਦਾ ਇੱਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਆਪਣੀ ਪਤਨੀ ਨੂੰ ਪੇਕੇ ਘਰ ਛੱਡ ਕੇ ਆਪਣੇ ਪਿੰਡ ਆ ਰਿਹਾ ਸੀ। ਰਸਤੇ ’ਚ ਤੇਜ਼ ਰਫ਼ਤਾਰ ਬੋਲੈਰੋ ਨੇ ਟੱਕਰ ਮਾਰ ਦਿਤੀ।

ਇਹ ਘਟਨਾ ਧੂਰੀਮੰਨਾ ਥਾਣਾ ਖੇਤਰ ਦੇ ਕੋਜਾ ਪਿੰਡ 'ਚ ਵੀਰਵਾਰ ਦੁਪਹਿਰ 1.30 ਵਜੇ ਵਾਪਰੀ। ਹਾਲਾਂਕਿ ਅਜੇ ਤੱਕ ਪ੍ਰਵਾਰਕ ਮੈਂਬਰਾਂ ਵਲੋਂ ਕੋਈ ਰਿਪੋਰਟ ਨਹੀਂ ਦਿਤੀ ਗਈ ਹੈ।

ਧੂਰੀਮੰਨਾ ਥਾਣੇ ਦੇ ਅਧਿਕਾਰੀ ਸੁਖਰਾਮ ਵਿਸ਼ਨੋਈ ਨੇ ਦਸਿਆ ਕਿ ਧੂਰੀਮੰਨਾ ਦੇ ਮਾਣਕੀ ਪਿੰਡ ਦਾ ਰਹਿਣ ਵਾਲਾ ਸ਼ੰਕਰਲਾਲ (21) ਸਵੇਰੇ ਘਰੋਂ ਨਿਕਲਿਆ ਸੀ ਅਤੇ ਆਪਣੀ ਪਤਨੀ ਨੂੰ ਪੇਕੇ ਘਰ ਛੱਡ ਕੇ ਪਰਤ ਰਿਹਾ ਸੀ।

ਰਸਤੇ ’ਚ ਸਾਹਮਣੇ ਤੋਂ ਆ ਰਹੀ ਬੋਲੈਰੋ ਨੇ ਬਾਈਕ ਸਵਾਰ ਸ਼ੰਕਰਲਾਲ ਨੂੰ ਟੱਕਰ ਮਾਰ ਦਿਤੀ। ਟੱਕਰ ਹੁੰਦੇ ਹੀ ਸ਼ੰਕਰਲਾਲ ਉਛਲ ਕੇ ਸੜਕ 'ਤੇ ਡਿੱਗ ਗਿਆ।
ਪਿੰਡ ਵਾਸੀਆਂ ਨੇ ਪੁਲਿਸ ਨੂੰ ਦਸਿਆ ਕਿ ਸ਼ੰਕਰਲਾਲ ਇਸ ਹਾਦਸੇ ਦੌਰਾਨ ਕਰੀਬ ਡੇਢ ਘੰਟਾ ਸੜਕ ’ਤੇ ਤੜਫਦਾ ਰਿਹਾ। ਇਸ ਤੋਂ ਬਾਅਦ ਇੱਕ ਨੌਜੁਆਨ ਉੱਥੇ ਪਹੁੰਚਿਆ ਅਤੇ ਪੁਲਿਸ ਨੂੰ ਸੂਚਨਾ ਦਿਤੀ। ਯਾਤਰੀ ਉਸ ਨੂੰ ਧੂਰੀਮੰਨਾ ਦੇ ਹਸਪਤਾਲ ਲੈ ਗਏ। ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਉਨ੍ਹਾਂ ਦਸਿਆ ਕਿ ਹਾਦਸੇ ਤੋਂ ਬਾਅਦ ਬਲੈਰੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਅਜੇ ਤੱਕ ਲਾਸ਼ ਦਾ ਪੋਸਟਮਾਰਟਮ ਨਹੀਂ ਹੋਇਆ ਹੈ। ਲਾਸ਼ ਨੂੰ ਧੂਰੀਮੰਨਾ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਮ੍ਰਿਤਕ ਦੇ ਘਰ ਸੋਗ ਦੀ ਲਹਿਰ ਦੌੜ ਗਈ। ਇਸ ਦੇ ਨਾਲ ਹੀ ਪ੍ਰਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਸ਼ੰਕਰਲਾਲ ਧੂਰੀਮੰਨਾ ਦੇ ਸਰਕਾਰੀ ਕਾਲਜ ਵਿਚ ਬੀਏ ਦੂਜੇ ਸਾਲ ਦਾ ਵਿਦਿਆਰਥੀ ਸੀ। ਇਸ ਦੇ ਨਾਲ ਹੀ ਉਹ ਧੂਰੀਮੰਨਾ ਵਿਚ ਹੀ ਸਟੀਲ ਦੀ ਰੇਲਿੰਗ ਬਣਾਉਂਦੇ ਸਨ।