ਉਤਰਾਖੰਡ : ਗੰਗਾ ’ਚ ਵਹੇ ਹਰਿਆਣਾ ਖੇਤੀਬਾੜੀ ਵਿਭਾਗ ਦੇ ਸੰਯੁਕਤ ਨਿਰਦੇਸ਼ਕ, ਨਹਾਉਂਦੇ ਸਮੇਂ ਫਿਸਲਿਆ ਪੈਰ
ਬਚਾਅ ਟੀਮ ਨੇ ਉਸ ਦੀ ਭਾਲ ਸ਼ੁਰੂ ਕਰ ਦਿਤੀ ਪਰ ਹੁਣ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
ਉੱਤਰਾਖੰਡ : ਹਰਿਆਣਾ ਦੇ ਖੇਤੀਬਾੜੀ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਉੱਤਰਾਖੰਡ ਦੇ ਦੇਵਪ੍ਰਯਾਗ ਵਿਚ ਨਹਾਉਂਦੇ ਸਮੇਂ ਗੰਗਾ ਦੇ ਵਹਾਅ ਵਿਚ ਰੁੜ੍ਹ ਗਏ। ਉਨ੍ਹਾਂ ਦੀ ਭਾਲ ਲਈ ਐਨ.ਡੀ.ਆਰ.ਐਫ. ਦੀਆਂ 22 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਟੀਮਾਂ ਦੇ ਨਾਲ-ਨਾਲ ਉੱਤਰਾਖੰਡ ਪੁਲਿਸ ਵੀ ਗੰਗਾ ਵਿਚ ਸਰਚ ਆਪਰੇਸ਼ਨ ਚਲਾ ਰਹੀ ਹੈ ਪਰ ਅਜੇ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
ਹਰਿਆਣਾ ਖੇਤੀਬਾੜੀ ਵਿਭਾਗ ਵਿਚ ਸੇਵਾ ਨਿਭਾਅ ਰਹੇ ਅਤੇ ਚੰਡੀਗੜ੍ਹ ਦੇ ਰਹਿਣ ਵਾਲੇ ਗਜਰਾਜ ਡਾਂਡੀ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਉੱਤਰਾਖੰਡ ਘੁੰਮਣ ਗਏ ਹੋਏ ਸਨ।
ਰਿਸ਼ਤੇਦਾਰਾਂ ਮੁਤਾਬਕ ਗਜਰਾਜ ਦੇਵਪ੍ਰਯਾਗ ਦੇ ਸੰਗਮ ਬੀਚ 'ਤੇ ਨਹਾ ਰਿਹਾ ਸੀ। ਇਸ ਦੌਰਾਨ ਸੰਗਮ ਕੰਢੇ 'ਤੇ ਅਚਾਨਕ ਉਸ ਦਾ ਪੈਰ ਤਿਲਕ ਗਿਆ। ਜਿਸ ਤੋਂ ਬਾਅਦ ਉਹ ਗੰਗਾ ਦੇ ਤੇਜ਼ ਵਹਾਅ 'ਚ ਵਹਿ ਗਏ। ਇਹ ਦੇਖ ਕੇ ਉਥੇ ਮੌਜੂਦ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ ਪਰ ਉਹ ਉਨ੍ਹਾਂ ਨੂੰ ਪਾਣੀ 'ਚੋਂ ਬਾਹਰ ਨਹੀਂ ਕੱਢ ਸਕੇ।
ਇਸ ਤੋਂ ਬਾਅਦ ਬਚਾਅ ਟੀਮ ਨੇ ਉਸ ਦੀ ਭਾਲ ਸ਼ੁਰੂ ਕਰ ਦਿਤੀ ਪਰ ਹੁਣ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
ਦੇਵਪ੍ਰਯਾਗ ਥਾਣੇ ਦੇ ਇੰਚਾਰਜ ਇੰਸਪੈਕਟਰ ਦੇਵਰਾਜ ਸ਼ਰਮਾ ਨੇ ਦਸਿਆ ਕਿ ਦੇਹਰਾਦੂਨ ਤੋਂ ਐਨ.ਡੀ.ਆਰ.ਐਫ. ਦੀ ਟੀਮ ਘਟਨਾ ਸਥਾਨ ਲਈ ਰਵਾਨਾ ਹੋ ਗਈ ਹੈ। ਇਸ ਤੋਂ ਪਹਿਲਾਂ ਦੇਰ ਸ਼ਾਮ ਹਰਿਆਣਾ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਦੀ ਤਰਫੋਂ ਉੱਤਰਾਖੰਡ ਦੇ ਡੀ.ਜੀ.ਪੀ. ਅਸ਼ੋਕ ਕੁਮਾਰ ਨਾਲ ਫੋਨ 'ਤੇ ਗੱਲ ਕੀਤੀ ਗਈ ਹੈ।