ਕਾਰਕੁਨਾਂ, ਵਿਦਵਾਨਾਂ ਨੂੰ ਬੇਰਹਿਮੀ ਨਾਲ ਜੇਲ ਵਿਚ ਸੁੱਟ ਰਹੀ ਹੈ ਸਰਕਾਰ : ਅਰੁੰਧਾਤੀ ਰਾਏ
ਭੀਮਾ ਕੋਰੇਗਾਂਵ ਐਲਗਾਰ ਪਰਿਸ਼ਦ ਮਾਮਲੇ ਵਿਚ ਦਿੱਲੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫ਼ੈਸਰ ਦੀ ਐਨਆਈਏ ਦੁਆਰਾ ਗ੍ਰਿਫ਼ਤਾਰੀ ਦੇ ਇਕ ਦਿਨ
ਨਵੀਂ ਦਿੱਲੀ : ਭੀਮਾ ਕੋਰੇਗਾਂਵ ਐਲਗਾਰ ਪਰਿਸ਼ਦ ਮਾਮਲੇ ਵਿਚ ਦਿੱਲੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫ਼ੈਸਰ ਦੀ ਐਨਆਈਏ ਦੁਆਰਾ ਗ੍ਰਿਫ਼ਤਾਰੀ ਦੇ ਇਕ ਦਿਨ ਬਾਅਦ ਲੇਖਿਕਾ ਅਰੁੰਧਾਤੀ ਰਾਏ ਨੇ ਕਿਹਾ ਕਿ ਕਾਰਕੁਨਾਂ, ਵਿਦਵਾਨਾਂ ਅਤੇ ਵਕੀਲਾਂ ਨੂੰ ਬੇਰਹਿਮੀ ਨਾਲ ਜੇਲ ਵਿਚ ਸੁੱਟਿਆ ਜਾ ਰਿਹਾ ਹੈ।
ਉਨ੍ਹਾਂ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਧਰਮਨਿਰਪੱਖ, ਜਾਤ ਵਿਰੋਧੀ ਅਤੇ ਪੂੰਜੀਵਾਦ ਦਾ ਵਿਰੋਧ ਕਰਨ ਵਾਲੀ ਰਾਜਨੀਤੀ ਦੀ ਪ੍ਰਤੀਨਿਧਤਾ ਕਰਨ ਵਾਲੇ ਲੋਕ ਸਰਕਾਰ ਦੀ ਤਬਾਹਕੁਨ ਹਿੰਦੂ ਰਾਸ਼ਟਰਵਾਦੀ ਰਾਜਨੀਤੀ ਲਈ ਖ਼ਤਰਾ ਹਨ।
ਕੌਮੀ ਜਾਂਚ ਏਜੰਸੀ ਨੇ ਦਿੱਲੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਪ੍ਰੋਫ਼ੈਸਰ ਹੇਨੀ ਬਾਬੂ ਮੁਸਾਲਿਯਰਵੀਟਿਲ ਥਾਰਿਆਲ ਨੂੰ ਕੋਰੇਗਾਂਵ ਮਾਮਲੇ ਵਿਚ ਨਕਸਲੀ ਸਰਗਰਮੀਆਂ ਅਤੇ ਮਾਉਵਾਦੀ ਵਿਚਾਰਧਾਰਾ ਨੂੰ ਹੱਲਾਸ਼ੇਰੀ ਦੇਣ ਦੇ ਮਾਮਲੇ ਵਿਚ 'ਸਹਿ-ਸਾਜ਼ਿਸ਼ੀ' ਦਸਦਿਆਂ ਕਲ ਗ੍ਰਿਫ਼ਤਾਰ ਕੀਤਾ ਸੀ।
ਰਾਏ ਨੇ ਬਿਆਨ ਰਾਹੀਂ ਕਿਹਾ, 'ਕਾਰਕੁਨਾਂ, ਵਿਦਵਾਨਾਂ ਤੇ ਵਕੀਲਾਂ ਨੂੰ ਇਸ ਮਾਮਲੇ ਵਿਚ ਲਗਾਤਾਰ ਬੇਰਹਿਮੀ ਭਰੇ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਜੋ ਸਰਕਾਰ ਦੀ ਇਸ ਸੋਚ ਨੂੰ ਦਰਸਾਉਂਦਾ ਹੈ ਕਿ ਇਹ ਨਵੀਂ ਧਰਮਨਿਰਪੱਖ-ਵਿਰੋਧੀ, ਜਾਤ ਵਿਰੋਧੀ ਅਤੇ ਪੂੰਜੀਵਾਦ ਵਿਰੋਧੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਤਬਾਹਕੁਨ ਹਿੰਦੂ ਰਾਸ਼ਟਰਵਾਦ ਰਾਜਨੀਤੀ ਸਭਿਆਚਾਰਕ, ਆਰਥਕ ਅਤੇ ਰਾਜਨੀਤਕ ਆਧਾਰ 'ਤੇ ਸਪੱਸ਼ਟ ਖ਼ਤਰਾ ਪੈਦਾ ਕਰਦੀ ਹੈ।
ਉਨ੍ਹਾਂ ਕਿਹਾ ਕਿ ਹਿੰਦੂ ਰਾਸ਼ਟਰਵਾਦ ਦੀ ਰਾਜਨੀਤੀ ਨੇ ਦੇਸ਼ ਨੂੰ ਅਜਿਹੇ ਸੰਕਟ ਵਿਚ ਲਿਆ ਖੜਾ ਕੀਤਾ ਹੈ ਜੋ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਲਈ ਖ਼ਤਰਾ ਹੈ ਅਤੇ ਵਿਡੰਬਨਾ ਹੈ ਕਿ ਉਨ੍ਹਾਂ ਵਿਚ ਉਸ ਦੇ ਅਪਣੇ ਸਮਰਥਕ ਵੀ ਹਨ। (ਏਜੰਸੀ)