ਫ਼ਰਾਂਸ ਤੋਂ ਅੰਬਾਲਾ ਪੁੱਜੇ ਪੰਜ ਰਾਫ਼ੇਲ ਲੜਾਕੂ ਜਹਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

23 ਸਾਲਾਂ ਮਗਰੋਂ ਅਤਿ-ਆਧੁਨਿਕ ਜਹਾਜ਼ਾਂ ਦੀ ਖ਼ਰੀਦ, ਹਵਾਈ ਫ਼ੌਜ ਵਿਚ ਹੋਣਗੇ ਸ਼ਾਮਲ, ਵਧੇਗੀ ਜੰਗੀ ਸਮਰਥਾ

Fighter Jets Rafael

ਨਵੀਂ ਦਿੱਲੀ, 29 ਜੁਲਾਈ : ਰੂਸ ਤੋਂ ਸੁਖੋਈ ਜਹਾਜ਼ਾਂ ਦੀ ਖ਼ਰੀਦ ਦੇ ਲਗਭਗ 23 ਸਾਲਾਂ ਮਗਰੋਂ ਨਵੇਂ ਅਤੇ ਅਤਿ-ਆਧੁਨਿਕ ਪੰਜ ਰਾਫ਼ੇਲ ਲੜਾਕੂ ਜਹਾਜ਼ਾਂ ਦਾ ਬੇੜਾ ਫ਼ਰਾਂਸ ਤੋਂ ਅੰਬਾਲਾ ਏਅਰ ਬੇਸ 'ਤੇ ਪਹੁੰਚ ਗਿਆ। ਇਨ੍ਹਾਂ ਜਹਾਜ਼ਾਂ ਦੇ ਹਵਾਈ ਫ਼ੌਜ ਵਿਚ ਸ਼ਾਮਲ ਹੋਣ ਮਗਰੋਂ ਦੇਸ਼ ਦੀ ਹਵਾਈ ਜੰਗੀ ਸਮਰੱਥਾ ਆਂਢ-ਗੁਆਂਢ ਦੇ ਦੁਸ਼ਮਣਾਂ ਮੁਕਾਬਲੇ ਵੱਧ ਜਾਵੇਗੀ।

ਇਹ ਜਹਾਜ਼ ਅਜਿਹੇ ਸਮੇਂ ਭਾਰਤ ਨੂੰ ਮਿਲੇ ਹਨ ਜਦ ਭਾਰਤ ਦਾ ਚੀਨ ਨਾਲ ਸਰਹੱਦੀ ਝਗੜਾ ਚੱਲ ਰਿਹਾ ਹੈ। ਨਿਰਵਿਵਾਦ ਟਰੈਕ ਰੀਕਾਰਡ ਵਾਲੇ ਇਨ੍ਹਾਂ ਰਾਫ਼ੇਲ ਜਹਾਜ਼ਾਂ ਨੂੰ ਦੁਨੀਆਂ ਦੇ ਸੱਭ ਤੋਂ ਬਿਹਤਰੀਨ ਲੜਾਕੂ ਜਹਾਜ਼ਾਂ ਵਿਚ ਗਿਣਿਆ ਜਾਂਦਾ ਹੈ। ਫ਼ਰਾਂਸ ਦੇ ਬੋਰਦੁ ਸ਼ਹਿਰ ਵਿਚ ਪੈਂਦੇ ਮੇਰੀਗਨੇਕ ਏਅਰ ਬੇਸ ਤੋਂ 7000 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਇਹ ਜਹਾਜ਼ ਦੁਪਹਿਰ ਸਮੇਂ ਅੰਬਾਲਾ ਵਿਖੇ ਹਵਾਈ ਫ਼ੌਜ ਦੇ ਅੱਡੇ 'ਤੇ ਪਹੁੰਚੇ।

ਰਾਫ਼ੇਲ ਜਹਾਜ਼ਾਂ ਦੇ ਭਾਰਤੀ ਹਵਾਈ ਖੇਤਰ ਵਿਚ ਦਾਖ਼ਲ ਹੋਣ ਮਗਰੋਂ ਦੋ ਸੁਖੋਈ 30 ਐਮਕੇਆਈ ਜਹਾਜ਼ਾਂ ਨੇ ਉਨ੍ਹਾਂ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਨਾਲ
ਉਡਦੇ ਹੋਏ ਅੰਬਾਲੇ ਤਕ ਆਏ। ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, 'ਬਰਡਜ਼ ਸੁਰੱਖਿਅਤ ਉਤਰ ਗਏ ਹਨ।' ਹਵਾਈ ਫ਼ੌਜ ਵਿਚ ਲੜਾਕੂ ਜਹਾਜ਼ਾਂ ਨੂੰ ਬਰਡਜ਼ ਕਿਹਾ ਜਾਂਦਾ ਹੈ।  

ਐਨਡੀਏਸਰਕਾਰ ਨੇ 23 ਸਤੰਬਰ 2016 ਨੂੰ ਫ਼ਰਾਂਸ ਦੀ ਏਅਰੋਸਪੇਸ ਕੰਪਨੀ ਦਸਾਲਟ ਏਵੀਏਸ਼ਨ ਨਾਲ 36 ਲੜਾਕੂ ਜਹਾਜ਼ ਖ਼ਰੀਦਣ ਲਈ 59000 ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੇਲੇ ਦੀ ਯੂਪੀਏ ਸਰਕਾਰ ਲਗਭਗ ਸੱਤ ਸਾਲ ਤਕ ਭਾਰਤੀ ਹਵਾਈ ਫ਼ੌਜ ਲਈ 126 ਮੱਧ ਬਹੁਉਦੇਸ਼ੀ ਲੜਾਕੂ ਜਹਾਜ਼ਾਂ ਦੀ ਖ਼ਰੀਦ ਦੀ ਕੋਸ਼ਿਸ਼ ਕਰਦੀ ਰਹੀ ਸੀ ਪਰ ਇਹ ਸੌਦਾ ਸਿਰੇ ਨਹੀਂ ਚੜ੍ਹ ਸਕਿਆ ਸੀ।

ਦਸਾਲਟ ਏਵੀਏਸ਼ਨ ਨਾਲ ਹੰਗਾਮੀ ਹਾਲਤ ਵਿਚ ਰਾਫ਼ੇਲ ਜਹਾਜ਼ਾਂ ਦੀ ਖ਼ਰੀਦ ਦਾ ਇਹ ਸੌਦਾ ਭਾਰਤੀ ਹਵਾਈ ਫ਼ੌਜ ਦੀ ਜੰਗੀ ਸਮਰੱਥਾ ਵਿਚ ਅਹਿਮ ਸੁਧਾਰ ਲਈ ਕੀਤਾ ਗਿਆ ਸੀ ਕਿਉਂਕਿ ਹਵਾਈ ਫ਼ੌਜੀ ਲਾਗੇ ਲੜਾਕੂ ਸਕਵਾਰਡਨ ਦੀ ਮਨਜ਼ੂਰਸ਼ੁਦਾ ਗਿਣਤੀ ਘੱਟੋ ਘੱਟ 42 ਦੇ ਮੁਕਾਬਲੇ ਫ਼ਿਲਹਾਲ 31 ਲੜਾਕੂ ਸਕਵਾਰਡਨ ਹਨ। ਅੰਬਾਲਾ ਪਹੁੰਚੇ ਪੰਜ ਰਾਫ਼ੇਲ ਜਹਾਜ਼ਾਂ ਵਿਚੋਂ ਤਿੰਨ ਰਾਫ਼ੇਲ ਇਕ ਸੀਟ ਵਾਲੇ ਜਦਕਿ ਦੋ ਰਾਫ਼ੇਲ ਦੋ ਸੀਟ ਵਾਲੇ ਜਹਾਜ਼ ਹਨ। ਇਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਦੀ ਅੰਬਾਲਾ ਵਾਲੀ ਸਕਵਾਰਡਨ 17 ਵਿਚ ਸ਼ਾਮਲ ਕੀਤਾ ਜਾਵੇਗਾ ਜੋ 'ਗੋਲਡਨ ਐਰੋਜ਼' ਦੇ ਨਾਮ ਨਾਲ ਮਸ਼ਹੂਰ ਹੈ। (ਏਜੰਸੀ)

ਪਾਕਿ ਦੇ ਐਫ਼-16 ਤੇ ਚੀਨ ਦੇ ਜੇ-20 ਨੂੰ ਤਗੜੀ ਟੱਕਰ ਦੇਵੇਗਾ ਰਾਫ਼ੇਲ
ਰਾਫ਼ੇਲ ਦੇਸ਼ ਦਾ ਸੱਭ ਤੋਂ ਤਾਕਤਵਰ ਜਹਾਜ਼ ਹੋਵੇਗਾ। ਪਾਕਿਸਤਾਨ ਕੋਲ ਸੱਭ ਤੋਂ ਤਾਕਤਵਾਰ ਜਹਾਜ਼ ਐਫ਼-16 ਅਤੇ ਚੀਨ ਕੋਲ ਜੇ-20 ਹੈ। ਇਨ੍ਹਾਂ ਦੋਹਾਂ ਦੇਸ਼ਾਂ ਦੇ ਇਹ ਜਹਾਜ਼ ਰਾਫ਼ੇਲ ਦੇ ਮੁਕਾਬਲੇ ਕਿਤੇ ਨਹੀਂ ਖੜਦੇ। ਰਾਫ਼ੇਲ ਇਕ ਮਿੰਟ ਵਿਚ 60 ਹਜ਼ਾਰ ਫ਼ੁੱਟ ਦੀ ਉਚਾਈ 'ਤੇ ਪਹੁੰਚ ਸਕਦਾ ਹੈ। ਇਹ ਘੱਟ ਤੋਂ ਘੱਟ ਉਚਾਈ ਅਤੇ ਵੱਧ ਤੋਂ ਵੱਧ ਉਚਾਈ ਦੋਹਾਂ ਹਾਲਤਾਂ ਵਿਚ ਬਿਹਤਰ ਪ੍ਰਦਰਸ਼ਨ ਕਰ ਸਕਦਾ ਹੈ।

ਇਹ ਇਕ ਵਾਰ ਵਿਚ 24500 ਕਿਲੋ ਤਕ ਦਾ ਵਜ਼ਨ ਲਿਜਾ ਸਕਦਾ ਹੈ। ਇਹ ਚਾਰੇ ਪਾਸੇ ਨਿਗਰਾਨੀ ਰੱਖ ਸਕਦਾ ਹੈ। ਇਸ ਜਹਾਜ਼ ਨਾਲ ਪਰਮਾਣੂ ਹਮਲਾ ਵੀ ਕੀਤਾ ਜਾ ਸਕਦਾ ਹੈ। ਚੀਨ ਤੇ ਪਾਕਿਸਤਾਨ ਦੇ ਜਹਾਜ਼ਾਂ ਵਿਚ ਇਹ ਖ਼ੂਬੀ ਨਹੀਂ। ਇਹ ਜਹਾਜ਼ ਚੀਨ ਤੇ ਪਾਕਿਸਤਾਨ ਦੇ ਲੜਾਕੂ ਜਹਾਜ਼ਾਂ ਲਈ ਵੱਡੀ ਚੁਨੌਤੀ ਹੋਵੇਗਾ। ਇਹ 28 ਕਿਲੋਮੀਟਰ ਪ੍ਰਤੀ ਘੰਟੇ ਦੀ ਮੱਠੀ ਰਫ਼ਤਾਰ ਨਾਲ 1915 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਨਾਲ ਵੀ ਉਡ ਸਕਦਾ ਹੈ। ਭਾਵੇਂ ਐਫ਼-16 ਅਤੇ ਜੇ-20 ਨਾਲੋਂ ਇਸ ਦੀ ਰਫ਼ਤਾਰ ਘੱਟ ਹੈ ਪਰ ਇਸ ਦੀ ਮਾਰ ਜ਼ਿਆਦਾ ਹੈ।

526 ਕਰੋੜ ਰੁਪਏ ਦਾ ਜਹਾਜ਼ 1670 ਕਰੋੜ ਰੁਪਏ ਵਿਚ ਕਿਉਂ? : ਕਾਂਗਰਸ
ਕਾਂਗਰਸ ਨੇ ਰਾਫ਼ੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਦੇ ਭਾਰਤ ਆਉਣ ਦਾ ਸਵਾਗਤ ਕੀਤਾ ਅਤੇ ਇਹ ਵੀ ਕਿਹਾ ਕਿ ਹਰ ਦੇਸ਼ਭਗਤ ਨੂੰ ਇਹ ਪੁਛਣਾ ਚਾਹੀਦਾ ਹੈ ਕਿ 526 ਕਰੋੜ ਰੁਪਏ ਦਾ ਜਹਾਜ਼ 1670 ਕਰੋੜ ਰੁਪਏ ਵਿਚ ਕਿਉਂ ਖ਼ਰੀਦਿਆ ਗਿਆ? ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, 'ਰਾਫ਼ੇਲ ਦਾ ਭਾਰਤ ਵਿਚ ਸਵਾਗਤ। ਹਵਾਈ ਫ਼ੌਜ ਦੇ ਜਵਾਨਾਂ ਨੂੰ ਵਧਾਈ।' ਉਨ੍ਹਾਂ ਕਿਹਾ,'ਹਰ ਦੇਸ਼ਭਗਤ ਇਹ ਵੀ ਜ਼ਰੂਰ ਪੁੱਛੇ ਕਿ 526 ਕਰੋੜ ਰੁਪਏ ਦਾ ਇਕ ਰਾਫ਼ੇਲ ਹੁਣ 1670 ਕਰੋੜ ਰੁਪਏ ਵਿਚ ਕਿਉਂ ਖ਼ਰੀਦਿਆ ਗਿਆ ਹੈ।

ਰਾਫ਼ੇਲ ਦਾ ਭਾਰਤੀ ਧਰਤੀ 'ਤੇ ਪੁਜਣਾ ਇਤਿਹਾਸਕ ਦਿਨ : ਸ਼ਾਹ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਫ਼ੇਲ ਜਹਾਜ਼ ਦਾ ਭਾਰਤ ਦੀ ਧਰਤੀ 'ਤੇ ਪੁੱਜਣਾ ਇਤਿਹਾਸਕ ਦਿਨ ਹੈ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਅਸਮਾਨ ਵਿਚ ਕਿਸੇ ਵੀ ਚੁਨੌਤੀ ਨੂੰ ਨਾਕਾਮ ਕਰਨ ਵਿਚ ਸਮਰੱਥ ਦੁਨੀਆਂ ਦੀਆਂ ਸੱਭ ਤੋਂ ਤਾਕਤਵਰ ਮਸ਼ੀਨਾਂ ਹਨ। ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਭਾਰਤ ਦੀਆਂ ਰਖਿਆ ਸਮਰੱਥਾਵਾਂ ਨੂੰ ਵਧਾਉਣ ਲਈ ਪ੍ਰਤੀਬੱਧ ਹੈ ਅਤੇ ਸੰਸਾਰ ਪਧਰੀ ਲੜਾਕੂ ਜਹਾਜ਼ ਇਸ ਦਿਸ਼ਾ ਵਿਚ ਵੱਡੀ ਤਬਦੀਲੀ ਲਿਆਉਣ ਵਾਲੇ ਸਾਬਤ ਹੋਣਗੇ।