ਤਾਮਿਲਨਾਡੂ ਦੇ ਰਾਜਪਾਲ ਇਕ ਹਫ਼ਤੇ ਲਈ ਸਵੈ-ਇਕਾਂਤਵਾਸ ਵਿਚ
ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਡਾਕਟਰ ਦੀ ਸਲਾਹ 'ਤੇ ਇਕ ਹਫ਼ਤੇ ਲਈ ਇਕਾਂਤਵਾਸ 'ਚ ਚਲੇ ਗਏ ਹਨ।
ਚੇਨਈ, 29 ਜੁਲਾਈ : ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਡਾਕਟਰ ਦੀ ਸਲਾਹ 'ਤੇ ਇਕ ਹਫ਼ਤੇ ਲਈ ਇਕਾਂਤਵਾਸ 'ਚ ਚਲੇ ਗਏ ਹਨ। ਰਾਜ ਭਵਨ ਵਿਚ ਤਿੰਨ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਮਿਲਣ ਤੋਂ ਬਾਅਦ ਰਾਜਪਾਲ ਨੇ ਉਕਤ ਕਦਮ ਉਠਾਇਆ ਹੈ। ਰਾਜ ਭਵਨ ਤੋਂ ਬੁੱਧਵਾਰ ਨੂੰ ਜਾਰੀ ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਪਿਛਲੇ ਹਫ਼ਤੇ ਕੋਰੋਨਾ ਮਾਮਲਿਆਂ ਲਈ ਚੌਕਸੀ ਤਹਿਤ ਰਾਜ ਭਵਨ ਵਿਚ 38 ਲੋਕਾਂ ਦੀ ਜਾਂਚ ਕਰਵਾਈ ਗਈ ਜਿਨ੍ਹਾਂ ਵਿਚੋਂ 35 ਨੈਗੇਟਿਵ ਮਿਲੇ ਤੇ ਸਿਰਫ਼ ਤਿੰਨ ਦਾ ਨਤੀਜਾ ਪਾਜ਼ੇਟਿਵ ਆਇਆ।
ਪਾਜ਼ੇਟਿਵ ਪਾਏ ਗਏ ਲੋਕਾਂ ਨੂੰ ਸਿਹਤ ਵਿਭਾਗ ਨੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਰਾਜ ਭਵਨ ਵਿਚ ਸਿਹਤ ਅਧਿਕਾਰੀ ਨੇ ਰਾਜਪਾਲ ਦੀ ਸਿਹਤ ਦੀ ਨਿਯਮਤ ਜਾਂਚ ਕੀਤੀ ਹੈ। ਇਸ ਵਿਚ ਉਨ੍ਹਾਂ ਨੂੰ ਸਿਹਤਯਾਬ ਪਾਇਆ ਗਿਆ। ਹਾਲਾਂਕਿ ਡਾਕਟਰ ਨੇ ਉਨ੍ਹਾਂ ਨੂੰ ਸੱਤ ਦਿਨਾਂ ਦੇ ਆਈਸੋਲੇਸ਼ਨ ਦਾ ਸੁਝਾਅ ਦਿਤਾ ਹੈ। ਇਸ ਤੋਂ ਪਹਿਲਾਂ 23 ਜੁਲਾਈ ਨੂੰ ਰਾਜ ਭਵਨ ਵਿਚ ਤਾਇਨਾਤ 84 ਸੁਰੱਖਿਆ ਮੁਲਾਜ਼ਮਾਂ ਤੇ ਅੱਗ ਬੁਝਾਊ ਅਮਲੇ ਦੇ ਮੁਲਾਜ਼ਮ ਪਾਜ਼ੇਟਿਵ ਪਾਏ ਗਏ ਸਨ। ਰਾਜਪਾਲ ਦੇ ਦਫ਼ਤਰ ਨੇ ਉਦੋਂ ਕਿਹਾ ਸੀ ਕਿ ਉਨ੍ਹਾਂ ਵਿਚੋਂ ਕੋਈ ਵੀ ਪੁਰੋਹਿਤ ਜਾਂ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਵਿਚ ਨਹੀਂ ਆਇਆ ਸੀ। (ਏਜੰਸੀ)