ਰਾਜਸਥਾਨ ਮਾਮਲਾ : ਰਾਜਪਾਲ ਨੇ ਤੀਜੀ ਵਾਰ ਮੋੜੀ ਫ਼ਾਈਲ
ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਲਈ ਸਰਕਾਰ ਦੁਆਰਾ ਭੇਜੀ ਗਈ ਫ਼ਾਈਲ ਇਕ
ਜੈਪੁਰ, 29 ਜੁਲਾਈ : ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਲਈ ਸਰਕਾਰ ਦੁਆਰਾ ਭੇਜੀ ਗਈ ਫ਼ਾਈਲ ਇਕ ਵਾਰ ਫਿਰ ਵਾਪਸ ਭੇਜ ਦਿਤੀ ਹੈ। ਰਾਜਪਾਲ ਨੇ ਸਰਕਾਰ ਨੂੰ ਪੁਛਿਆ ਹੈ ਕਿ ਉਹ ਘੱਟ ਸਮੇਂ ਦੇ ਨੋਟਿਸ ’ਤੇ ਇਜਲਾਸ ਕਿਉਂ ਬੁਲਾਉਣਾ ਚਾਹੁੰਦੀ ਹੈ, ਇਸ ਬਾਰੇ ਸਪੱਸ਼ਟ ਕਰੇ। ਇਸ ਦੇ ਨਾਲ ਹੀ ਰਾਜਪਾਲ ਨੇ ਸਰਕਾਰ ਨੂੰ ਕਿਹਾ ਹੈ ਕਿ ਉਸ ਨੇ ਵਿਸ਼ਵਾਸ ਮਤ ਹਾਸਲ ਕਰਨਾ ਹੈ, ਇਸੇ ਲਈ ਇਹ ਕਾਹਲੀ ਏਨੇ ਘੱਟ ਸਮੇਂ ਦੇ ਨੋਟਿਸ ’ਤੇ ਇਜਲਾਸ ਬੁਲਾਏ ਜਾਣ ਦਾ ਕਾਰਨ ਹੋ ਸਕਦੀ ਹੈ।
ਰਾਜ ਭਵਨ ਦੁਆਰਾ ਤੀਜੀ ਵਾਰ ਫ਼ਾਈਲ ਮੋੜੇ ਜਾਣ ਮਗਰੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਰਾਪਾਲ ਨੂੰ ਮਿਲੇ। ਰਾਜ ਭਵਨ ਦੇ ਬਿਆਨ ਮੁਤਾਬਕ ਵਿਧਾਨ ਸਭਾ ਇਜਲਾਸ ਬੁਲਾਉਣ ਸਬੰਧੀ ਸਰਕਾਰ ਦੀ ਤਜਵੀਜ਼ ਵਿਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਜਲਾਸ ਬੁਲਾਉਣ ਦਾ ਕਾਰਨ ਕੀ ਹੈ। ਸਰਕਾਰ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ ਕਿ ਇਸ ਵੇਲੇ ਅਜਿਹੀ ਕਿਹੜੀ ਆਸਾਰਣ ਸਥਿਤੀ ਹੈ ਕਿ ਏਨੀ ਕਾਹਲੀ ਵਿਚ ਇਜਲਾਸ ਬੁਲਾਇਆ ਜਾ ਰਿਹਾ ਹੈ।
ਬਿਆਨ ਵਿਚ ਲਿਖਿਆ ਹੈ, ‘ਇਹ ਵੀ ਜ਼ਿਕਰਯੋਗ ਹੈ ਕਿ ਜੇ ਇਸ ਇਜਲਾਸ ਵਿਚ ਰਾਜ ਸਰਕਾਰ ਨੇ ਵਿਸ਼ਵਾਸ ਮਤ ਹਾਸਲ ਕਰਨਾ ਹੈ ਤਾਂ ਇਕ ਦੂਜੇ ਤੋਂ ਦੂਰੀ ਰੱਖਣ ਦੇ ਦਿਸ਼ਾ-ਨਿਰਦੇਸ਼ਾਂ ਨਾਲ ਘੱਟ ਸਮੇਂ ਦਾ ਇਜਲਾਸ ਬੁਲਾਉਣਾ ਸੰਭਵ ਹੈ ਜੋ ਘੱਟ ਸਮੇਂ ਦੀ ਸੂਚਨਾ ’ਤੇ ਇਜਲਾਸ ਬੁਲਾਏ ਜਾਣ ਦਾ ਤਰਕਸੰਗਤ ਕਾਰਨ ਹੋ ਸਕਦਾ ਹੈ। ਰਾਜ ਭਵਨ ਨੇ ਸਰਕਾਰ ਨੂੰ ਇਕ ਹੋਰ ਸਾਲ 21 ਦਿਨਾਂ ਦੇ ਨੋਟਿਸ ’ਤੇ ਸਦਨ ਦਾ ਆਮ ਮਾਨਸੂਨ ਸੈਸ਼ਨ ਬੁਲਾਉਣ ਦੀ ਵੀ ਦਿਤੀ ਹੈ। ਬਿਆਨ ਮੁਤਾਬਕ ਉਪਰੋਕਤ ਹਾਲਤ ਵਿਚ ਇਹ ਢੁਕਵਾਂ ਹੋਵੇਗਾ ਕਿ ਰਾਜ ਸਰਕਾਰ ਆਮ ਦਿਨਾਂ ਦਾ ਸੈਸ਼ਨ 21 ਦਿਨਾਂ ਦੇ ਨੋਟਿਸ ’ਤੇ ਬੁਲਾਏ।
ਸੂਤਰਾਂ ਮੁਤਾਬਕ ਮੁੱਖ ਮੰਤਰੀ ਗਹਿਲੋਤ ਦੁਪਹਿਰ ਸਮੇਂ ਰਾਜਪਾਲ ਨੂੰ ਮਿਲੇ। ਭਾਵੇਂ ਇਸ ਮੁਲਾਕਾਤ ਨੂੰ ਸ਼ਿਸਟਾਚਾਰ ਮੁਲਾਕਾਤ ਦਸਿਆ ਗਿਆ ਪਰ ਗਹਿਲੋਤ ਨੇ ਪਹਿਲਾਂ ਕਾਂਗਰਸ ਦੇ ਸਮਾਗਮ ਵਿਚ ਕਿਹਾ ਸੀ ਕਿ ਰਾਜਪਾਲ ਕੋਲੋਂ ਉਹ ਜਾਣਨਾ ਚਾਹੁਣਗੇ ਕਿ ਉਹ ਚਾਹੁੰਦੇ ਕੀ ਹਨ? (ਏਜੰਸੀ)