ਨਵੀਂ ਦਿੱਲੀ, 29 ਜੁਲਾਈ : ਕੇਂਦਰ ਸਰਕਾਰ ਨੇ ਅਨਲਾਕ-3 ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਗ੍ਰਹਿ ਮੰਤਰਾਲੇ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਵਿਚ 5 ਅਗੱਸਤ ਤੋਂ ਜਿੰਮ ਖੋਲ੍ਹਣ ਦੀ ਆਗਿਆ ਦਿਤੀ ਗਈ ਹੈ। ਇਸ ਨਾਲ ਹੀ ਸਰਕਾਰ ਨੇ ਰਾਤ ਦਾ ਕਰਫ਼ਿਊ ਵੀ ਹਟਾ ਦਿਤਾ ਹੈ। ਮੈਟਰੋ, ਰੇਲ ਅਤੇ ਥੀਏਟਰਾਂ ’ਤੇ ਪਾਬੰਦੀਆਂ ਜਾਰੀ ਰਹਿਣਗੀਆਂ।
ਸਰਕਾਰ ਨੇ ਕਿਹਾ ਹੈ ਕਿ ਸੁਤੰਤਰਤਾ ਦਿਵਸ ਦੇ ਪ੍ਰੋਗਰਾਮ ਸਮਾਜਕ ਦੂਰੀਆਂ ਨਾਲ ਕੀਤੇ ਜਾਣਗੇ। ਨਾਲ ਹੀ, ਹੋਰ ਸਿਹਤ ਪ੍ਰੋਟੋਕੋਲ ਦੀ ਪਾਲਣਾ ਕਰਨੀ ਹੋਵੇਗੀ, ਜਿਵੇਂ ਕਿ ਮਾਸਕ ਪਹਿਨਣਾ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਕੂਲ, ਕਾਲਜ ਅਤੇ ਕੋਚਿੰਗ ਸੰਸਥਾ 31 ਅਗੱਸਤ ਤਕ ਬੰਦ ਰਹਿਣਗੇ।
ਗ੍ਰਹਿ ਮੰਤਰਾਲੇ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੇਸ਼ ਵਿਚ ਇਸ ਸਮੇਂ ਕਾਲਜ, ਸਕੂਲ ਅਤੇ ਮਹਾਨਗਰ ਬੰਦ ਹਨ। ਇਹ ਅਨਲਾਕ-3 ਵਿਚ ਨਹੀਂ ਖੁੱਲ੍ਹ ਸਕਣਗੇ। ਇਸ ਤੋਂ ਇਲਾਵਾ ਸਿਨੇਮਾ ਹਾਲ, ਸਵੀਮਿੰਗ ਪੁਲ, ਮਨੋਰੰਜਨ ਪਾਰਕ, ਥੀਏਟਰ, ਬਾਰ ਅਤੇ ਆਡੀਟੋਰੀਅਮ ਵੀ ਬੰਦ ਰਹਿਣਗੇ। ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਕੰਟੇਨਮੈਂਟ ਜ਼ੋਨ ਵਿਚ ਤਾਲਾਬੰਦੀ 31 ਅਗੱਸਤ ਤਕ ਵਧਾ ਦਿਤੀ ਹੈ।
ਇਸ ਤੋਂ ਇਲਾਵਾ ਵੰਦੇ ਭਾਰਤ ਭਾਰਤ ਮਿਸ਼ਨ ਤਹਿਤ ਅੰਤਰਰਾਸ਼ਟਰੀ ਯਾਤਰਾ ਦੀ ਆਗਿਆ ਦਿਤੀ ਗਈ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਮਾਰਚ ਦੇ ਅਖ਼ੀਰਲੇ ਹਫ਼ਤੇ ਵਿਚ ਦੇਸ਼ ਵਿਆਪੀ ਤਾਲਾਬੰਦੀ ਲਾਗੂ ਕੀਤੀ ਗਈ ਸੀ। ਤਾਲਾਬੰਦੀ ਨੂੰ ਫਿਰ ਅੱਗੇ ਵਧਾਇਆ ਗਿਆ ਸੀ। ਹਾਲਾਂਕਿ, ਕੇਂਦਰ ਸਰਕਾਰ ਨੇ ਜੂਨ ਤੋਂ ਤਾਲਾਬੰਦੀ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਤਹਿਤ ਦੇਸ਼ ਨੂੰ ਆਰਥਕ ਗਤੀ ਦੇਣ ਲਈ ਕਈ ਚੀਜ਼ਾਂ ਨੂੰ ਹੌਲੀ ਹੌਲੀ ਢਿੱਲ ਦੇਣ ਤੋਂ ਬਾਅਦ ਦੁਬਾਰਾ ਸ਼ੁਰੂ ਕੀਤਾ ਗਿਆ। (ਪੀ.ਟੀ.ਆਈ)