ਸ਼੍ਰੀਨਗਰ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਇੱਕ ਅੱਤਵਾਦੀ ਢੇਰ, ਇੱਕ ਜਵਾਨ ਵੀ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੂਜੇ ਅੱਤਵਾਦੀ ਨਾਲ ਮੁਕਾਬਲਾ ਜਾਰੀ

BSF

 

ਸ੍ਰੀਨਗਰ: ਬਾਰਾਮੂਲਾ ਵਿੱਚ ਹਮਲੇ ਦੀ ਯੋਜਨਾ ਬਣਾ ਰਹੇ ਅੱਤਵਾਦੀਆਂ 'ਤੇ ਸਮੇਂ ਸਿਰ ਕਾਰਵਾਈ ਕਰਦੇ ਹੋਏ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ। ਘੇਰਾਬੰਦੀ 'ਚ ਫਸੇ ਦੂਜੇ ਅੱਤਵਾਦੀ ਨਾਲ ਗੋਲੀਬਾਰੀ ਜਾਰੀ ਹੈ। ਮਾਰੇ ਗਏ ਅੱਤਵਾਦੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਪਰ ਇਹ ਅੱਤਵਾਦੀ ਸਥਾਨਕ ਦੱਸਿਆ ਜਾ ਰਿਹਾ ਹੈ। ਇਹ ਮੁਕਾਬਲਾ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਵਾਨੀਗਾਮ ਬਾਲਾ ਇਲਾਕੇ ਵਿੱਚ ਚੱਲ ਰਿਹਾ ਹੈ।

 

 

ਇਲਾਕੇ 'ਚ ਲੁਕੇ ਹੋਏ ਅੱਤਵਾਦੀਆਂ ਦੀ ਗਿਣਤੀ ਦੋ ਦੱਸੀ ਜਾ ਰਹੀ ਹੈ। ਮੁਕਾਬਲੇ 'ਚ ਫੌਜ ਦੇ ਦੋ ਜਵਾਨ ਅਤੇ ਇਕ ਪੁਲਿਸ ਕਰਮਚਾਰੀ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਕਰਾਸ ਫਾਇਰਿੰਗ 'ਚ ਫੌਜ ਦਾ ਇੱਕ ਸਨਿਫਰ ਵੀ ਮਾਰਿਆ ਗਿਆ ਹੈ। ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਦੇ ਮਾਰੇ ਜਾਣ ਦੇ ਬਾਅਦ ਇਕ ਵਾਰ ਫਿਰ ਦੂਜੇ ਅੱਤਵਾਦੀ ਨੂੰ ਸਰੰਡਰ ਕਰਨ ਲਈ ਕਿਹਾ ਪਰ ਉਸ ਨੇ ਗੋਲੀਬਾਰੀ ਜਾਰੀ ਰੱਖੀ। ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਜਲਦ ਹੀ ਦੂਜੇ ਅੱਤਵਾਦੀ ਨੂੰ ਵੀ ਮਾਰ ਦਿੱਤਾ ਜਾਵੇਗਾ। 

 

ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਾਰਾਮੂਲਾ ਦੇ ਵਾਨੀਗਾਮ ਬਾਲਾ 'ਚ ਲੁਕੇ ਕੁਝ ਅੱਤਵਾਦੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਇਸ ਦੀ ਸੂਚਨਾ ਸਮੇਂ ਸਿਰ ਪੁਲਿਸ ਨੂੰ ਮਿਲੀ। ਐਸਓਜੀ ਦੇ ਜਵਾਨ ਫੌਜ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਦੇ ਨਾਲ ਇਲਾਕੇ ਵਿੱਚ ਪਹੁੰਚੇ ਅਤੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ।

ਜਦੋਂ ਇਕ ਘਰ ਵਿਚ ਲੁਕੇ ਇਨ੍ਹਾਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਆਪਣੇ ਨੇੜੇ ਆਉਂਦੇ ਦੇਖਿਆ ਤਾਂ ਉਨ੍ਹਾਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਆਪਣੀ ਸਥਿਤੀ ਸੰਭਾਲਦੇ ਹੋਏ ਪਹਿਲਾਂ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਤਾਂ ਉਨ੍ਹਾਂ ਨੇ ਵੀ ਜਵਾਬੀ ਗੋਲੀਬਾਰੀ ਸ਼ੁਰੂ ਕਰ ਦਿੱਤੀ।