ਮਨੀਪੁਰ ਮੁੱਦੇ ਨੂੰ ਛੇਤੀ ਹੱਲ ਨਾ ਕੀਤਾ ਤਾਂ ਦੇਸ਼ ਦੀ ਸੁਰਖਿਆ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ : ਅਧੀਰ ਰੰਜਨ ਚੌਧਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਮੈਤੇਈ ਅਤੇ ਕੁਕੀ ਲੋਕਾਂ ਵਿਚਕਾਰ ਭਰੋਸਾ ਸਥਾਪਤ ਕਰਨ ਲਈ ਸਰਬ ਪਾਰਟੀ ਵਫ਼ਦ ਕਰੇ ਸੂਬੇ ਦਾ ਦੌਰਾ

Adhir Ranjan Chowdhury

 

ਇੰਫ਼ਾਲ: ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇੰਕਲੁਸਿਵ ਅਲਾਇੰਸ’ (ਇੰਡੀਆ) ਨੇ ਐਤਵਾਰ ਨੂੰ ਕਿਹਾ ਕਿ ਜੇਕਰ ਮਨੀਪੁਰ ’ਚ ਲਗਭਗ ਤਿੰਨ ਮਹੀਨੇ ਤੋਂ ਹਲ ਰਹੇ ਜਾਤ ਅਧਾਰਤ ਸੰਘਰਸ਼ ਨੂੰ ਛੇਤੀ ਹੱਲ ਨਾ ਕੀਤਾ ਗਿਆ ਤਾਂ ਇਸ ਨਾਲ ਦੇਸ਼ ਲਈ ਸੁਰਖਿਆ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਆ’ ਦੇ 21 ਸੰਸਦ ਮੈਂਬਰਾਂ ਨੇ ਮਨੀਪੁਰ ਦਾ ਦੌਰਾਨ ਕਰਨ ਮਗਰੋਂ ਰਾਜ ਭਵਨ ’ਚ ਰਾਜਪਾਲ ਅਨਸੁਈਆ ਉਈਕੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੂਰਬ-ਉੱਤਰ ਸੂਬੇ ਦੇ ਮੌਜੂਦਾ ਹਾਲਾਤ ’ਤੇ ਇਕ ਯਾਦ ਪੱਤਰ ਸੌਂਪਿਆ। ਬੈਠਕ ਤੋਂ ਬਾਅਦ ਰਾਜ ਭਵਨ ਬਾਹਰ ਪੱਤਰਕਾਰਾਂ ਨਾਲ ਗੱਲਬਾਤ ’ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ, ‘‘ਰਾਜਪਾਲ ਨੇ ਕਿਹਾ ਕਿ ਮੈਤੇਈ ਅਤੇ ਕੁਕੀ ਭਾਈਚਾਰਿਆਂ ਵਿਚਕਾਰ ਬੇਭਰੋਸਗੀ ਖ਼ਤਮ ਕਰਨ ਲਈ ਸਾਰੀਆਂ ਪਾਰਟੀਆਂ ਦੇ ਇਕ ਵਫ਼ਦ ਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਮਨੀਪੁਰ ਦਾ ਦੌਰਾ ਕਰਨਾ ਚਾਹੀਦਾ ਹੈ।’’

ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਨੇ ਮਨੀਪੁਰ ’ਚ ਜੋ ਸਥਿਤੀ ਵੇਖੀ, ਉਸ ਬਾਰੇ ਸੰਸਦ ’ਚ ਇਕ ਰੀਪੋਰਟ ਪੇਸ਼ ਕਰਨਗੇ ਅਤੇ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨਗੇ। ਚੌਧਰੀ ਨੇ ਕਿਹਾ, ‘‘ਅਸੀਂ ਮਨੀਪੁਰ ’ਚ ਸੂਬਾ ਅਤੇ ਕੇਂਦਰ ਸਰਕਾਰ ਦੀ ਗ਼ਲਤੀ ’ਤੇ ਸੰਸਦ ’ਚ ਬੋਲਾਂਗੇ। ਅਸੀਂ ਕੇਂਦਰ ਸਰਕਾਰ ਤੋਂ ਸੰਸਦ ’ਚ ਇਸ ਮੁੱਦੇ ’ਤੇ ਚਰਚਾ ਕਰਵਾਉਣ ਦੀ ਅਪੀਲ ਕਰਦੇ ਹਾਂ।’’ ਉਨ੍ਹਾਂ ਦਾਅਵਾ ਕੀਤਾ ਕਿ ਮਨੀਪੁਰ ’ਚ ਹਾਲਾਤ ਦਿਨ-ਬ-ਦਿਨ ਵਿਗੜਦੇ ਜਾ ਰਹੇ ਹਨ।

ਦੋ ਦਿਨਾਂ ਦੇ ਦੌਰੇ ਦੇ ਅਪਣੇ ਤਜਰਬੇ ਬਾਰੇ ਕਾਂਗਰਸ ਦੇ ਸੀਨੀਅਰ ਆਗੂ ਨੇ ਦਾਅਵਾ ਕੀਤਾ ਕਿ ਅਜਿਹੇ ਹਾਲਾਤ ਬਣ ਗਏ ਹਨ ਕਿ ਵਾਦੀ ਦੇ ਲੋਕ (ਮੈਤੇਈ) ਪਹਾੜੀ ਇਲਾਕਿਆਂ ’ਚ ਨਹੀਂ ਜਾ ਸਕਦੇ ਜਿਥੇ ਕੁਕੀ ਰਹਿੰਦੇ ਹਨ, ਅਤੇ ਪਹਾੜੀ ਇਲਾਕਿਆਂ ਦੇ ਲੋਕ ਵਾਦੀ ’ਚ ਨਹੀਂ ਆ ਸਕਦੇ। ਉਨ੍ਹਾਂ ਕਿਹਾ, ‘‘ਰਾਸ਼ਨ, ਚਾਰਾ, ਦੁੱਧ, ਬੱਚਿਆਂ ਲਈ ਭੋਜਨ ਅਤੇ ਹੋਰ ਜ਼ਰੂਰੀ ਸਮਾਨ ਦੀ ਭਾਰੀ ਕਿੱਲਤ ਹੈ। ਵਿਦਿਆਰਥੀਆਂ ਦੀ ਸਿਖਿਆ ’ਤੇ ਵੀ ਅਸਰ ਪਿਆ ਹੈ। ਅਸੀਂ ਰਾਜਪਾਲ ਨੂੰ ਇਹ ਗੱਲਾਂ ਦਸੀਆਂ ਹਨ ਜਿਨ੍ਹਾਂ ਕਿਹਾ ਹੈ ਕਿ ਇਨ੍ਹਾਂ ਮੁੱਦਿਆਂ ਨੂੰ ਮਿਲ ਕੇ ਹੱਲ ਕੀਤਾ ਜਾਣਾ ਚਾਹੀਦਾ ਹੈ।’’

ਵਿਰੋਧੀ ਧਿਰ ਦਾ ਵਫ਼ਦ ਦੁਪਹਿਰ ਨੂੰ ਦਿੱਲੀ ਲਈ ਰਵਾਨਾ ਹੋ ਗਿਆ। ਉਹ ਜ਼ਮੀਨੀ ਹਾਲਾਤ ਦਾ ਜਾਇਜ਼ਾ ਲੈਣ ਲਈ ਸਨਿਚਰਵਾਰ ਨੂੰ ਮਨੀਪੁਰ ਪੁੱਜੇ ਸਨ ਅਤੇ ਹਿੰਸਾ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ ਸੀ। ਅਧੀਰ ਅਤੇ ਲੋਕ ਸਭਾ ’ਚ ਕਾਂਗਰਸ ਦੇ ਉਪਨੇਤਾ ਗੌਰਵ ਗੋਗੋਈ ਤੋਂ ਇਲਾਵਾ ਵਫ਼ਦ ’ਚ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੀ ਸੁਸ਼ਮਿਤਾ ਦੇਵ, ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੀ ਮਹੂਆ ਮਾਜੀ, ਦ੍ਰਵਿੜ ਮੁਨੇਤਰ ਕੜਗਮ (ਡੀ.ਐਮ.ਕੇ.) ਦੀ ਕਨੀਮੋਈ, ਰਾਸ਼ਟਰੀ ਲੋਕ ਦਲ (ਆਰ.ਐਲ.ਡੀ.) ਦੇ ਜਯੰਤ ਚੌਧਰੀ, ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮਨੋਜ ਕੁਮਾਰ ਝਾਅ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਐਨ.ਕੇ. ਪ੍ਰੇਮਚੰਦਰਨ, ਜਨਤਾ ਦਲ (ਯੂਨਾਈਟਿਡ) ਦੇ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ ਅਤੇ ਅਨਿਲ ਪ੍ਰਸਾਦ ਹੇਗੜੇ, ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ ਸੰਦੋਸ਼ ਕੁਮਾਰ ਅਤੇ ਏ. ਏ. ਰਹੀਮ ਵੀ ਸ਼ਾਮਲ ਹਨ।

ਮਨੀਪੁਰ ’ਚ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਮੈਤੇਈ ਭਾਈਚਾਰੇ ਦੀ ਮੰਗ ਦੇ ਵਿਰੋਧ ’ਚ 3 ਮਈ ਨੂੰ ਪਹਾੜੀ ਜ਼ਿਲ੍ਹਿਆਂ ’ਚ ‘ਆਦਿਵਾਸੀ ਏਕਤਾ ਮਾਰਚ’ ਕੱਢੇ ਜਾਣ ਮਗਰੋਂ ਹੋਈ ਹਿੰਸਾ ’ਚ 160 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਮੈਤੇਈ ਲੋਕ ਉੱਤਰ-ਪੂਰਬੀ ਰਾਜ ਦੀ ਆਬਾਦੀ ਦਾ ਲਗਭਗ 53 ਪ੍ਰਤੀਸ਼ਤ ਹੈ ਅਤੇ ਮੁੱਖ ਤੌਰ ’ਤੇ ਇੰਫਾਲ ਵਾਦੀ ’ਚ ਰਹਿੰਦੇ ਹਨ। ਜਦਕਿ ਨਾਗਾ ਅਤੇ ਕੁਕੀ ਵਰਗੇ ਆਦਿਵਾਸੀ ਆਬਾਦੀ ਦਾ 40 ਫ਼ੀ ਸਦੀ ਬਣਦੇ ਹਨ ਅਤੇ ਜ਼ਿਆਦਾਤਰ ਪਹਾੜੀ ਜ਼ਿਲ੍ਹਿਆਂ ’ਚ ਰਹਿੰਦੇ ਹਨ।