ਭਾਰਤ-ਪਾਕਿ ਜੰਗਬੰਦੀ ’ਚ ਤੀਜੀ ਧਿਰ ਦਾ ਦਖਲ ਨਹੀਂ: ਜੈਸ਼ੰਕਰ
'ਅਮਰੀਕੀ ਰਾਸ਼ਟਰਪਤੀ ਨੇ 22 ਅਪ੍ਰੈਲ ਤੋਂ 16 ਜੂਨ ਦਰਮਿਆਨ ਕੋਈ ਫੋਨ ਕਾਲ ਨਹੀਂ ਕੀਤੀ'
ਨਵੀਂ ਦਿੱਲੀ : ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਬੁਧਵਾਰ ਨੂੰ ਸਪੱਸ਼ਟ ਤੌਰ ਉਤੇ ਕਿਹਾ ਕਿ ਆਪਰੇਸ਼ਨ ਸੰਧੂਰ ਦੌਰਾਨ ਪਾਕਿਸਤਾਨ ਨਾਲ ਜੰਗਬੰਦੀ ਲਿਆਉਣ ’ਚ ਕਿਸੇ ਤੀਜੀ ਧਿਰ ਦਾ ਦਖਲ ਨਹੀਂ ਸੀ ਅਤੇ ਫੌਜੀ ਕਾਰਵਾਈ ਰੁਕਣ ਦਾ ਵਪਾਰ ਨਾਲ ਕੋਈ ਸਬੰਧ ਨਹੀਂ ਹੈ, ਜਿਵੇਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ।
ਰਾਜ ਸਭਾ ’ਚ ਆਪਰੇਸ਼ਨ ਸੰਧੂਰ ਉਤੇ ਵਿਸ਼ੇਸ਼ ਚਰਚਾ ’ਚ ਦਖਲ ਦਿੰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਨੇ 22 ਅਪ੍ਰੈਲ ਤੋਂ 16 ਜੂਨ ਦਰਮਿਆਨ ਕੋਈ ਫੋਨ ਕਾਲ ਨਹੀਂ ਕੀਤੀ।
ਵਿਰੋਧੀ ਧਿਰ ਵਪਾਰ ਦੀ ਧਮਕੀ ਦੀ ਵਰਤੋਂ ਕਰ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਸ਼ਮਣੀ ਨੂੰ ਰੋਕਣ ਵਿਚ ਵਿਚੋਲਗੀ ਬਾਰੇ ਟਰੰਪ ਦੇ ਦਾਅਵਿਆਂ ਨੂੰ ਲੈ ਕੇ ਸਰਕਾਰ ਉਤੇ ਹਮਲਾ ਕਰ ਰਹੀ ਹੈ।
ਜੈਸ਼ੰਕਰ ਨੇ ਕਿਹਾ ਕਿ ਭਾਰਤ ਕਿਸੇ ਵੀ ਸਰਹੱਦ ਪਾਰ ਅਤਿਵਾਦ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਉਸ ਨੇ ਆਪਰੇਸ਼ਨ ਸੰਧੂਰ ਚਲਾ ਕੇ ਪਾਕਿਸਤਾਨ ਨੂੰ ਜਵਾਬ ਦਿਤਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ। ਪਹਿਲਗਾਮ ਅਤਿਵਾਦੀ ਹਮਲੇ ਨੂੰ ਪੂਰੀ ਤਰ੍ਹਾਂ ਅਸਵੀਕਾਰਯੋਗ ਦੱਸਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਲਾਲ ਰੇਖਾ ਪਾਰ ਕੀਤੀ ਹੈ ਅਤੇ ਜਵਾਬਦੇਹੀ ਅਤੇ ਨਿਆਂ ਹੋਣਾ ਚਾਹੀਦਾ ਹੈ।
ਪਾਕਿਸਤਾਨ ਨਾਲ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਨ ਦੇ ਭਾਰਤ ਦੇ ਫੈਸਲੇ ਦਾ ਕਾਰਨ ਦਸਦੇ ਹੋਏ ਉਨ੍ਹਾਂ ਕਿਹਾ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਗਣਗੇ। ਜੈਸ਼ੰਕਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੰਧੀ ਨੂੰ ਮੁਅੱਤਲ ਕਰ ਕੇ ਨਹਿਰੂ ਦੀਆਂ ਨੀਤੀਆਂ ਦੀਆਂ ਗਲਤੀਆਂ ਨੂੰ ਠੀਕ ਕੀਤਾ ਹੈ। ਉਨ੍ਹਾਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਜੋ ਸੰਧੀ ਕੀਤੀ ਸੀ, ਉਹ ਸ਼ਾਂਤੀ ਖਰੀਦਣ ਲਈ ਨਹੀਂ ਬਲਕਿ ਤੁਸ਼ਟੀਕਰਨ ਲਈ ਸੀ।
ਵਿਦੇਸ਼ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਯਤਨਾਂ ਸਦਕਾ ਹੀ ਅਤਿਵਾਦ ਹੁਣ ਆਲਮੀ ਏਜੰਡੇ ਉਤੇ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਵਿੱਤੀ ਕਾਰਵਾਈ ਟਾਸਕ ਫੋਰਸ (ਐਫ.ਏ.ਟੀ.ਐਫ.) ਪ੍ਰਕਿਰਿਆ ਰਾਹੀਂ ਪਾਕਿਸਤਾਨ ਉਤੇ ਭਾਰੀ ਦਬਾਅ ਪਾਇਆ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਨਾ ਹੋਣ ਦੇ ਬਾਵਜੂਦ ਭਾਰਤ ਸੰਯੁਕਤ ਰਾਸ਼ਟਰ ਨੂੰ ਮਾਨਤਾ ਦਿਵਾਉਣ ’ਚ ਸਫਲ ਰਿਹਾ ਕਿ ਪ੍ਰਤੀਰੋਧ ਮੋਰਚਾ (ਟੀ.ਆਰ.ਐੱਫ.) ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦਾ ਮੁਖੌਟਾ ਸੰਗਠਨ ਹੈ। ਟੀ.ਆਰ.ਐਫ. ਨੇ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਉਨ੍ਹਾਂ ਕਿਹਾ ਕਿ ਜਦੋਂ 22 ਅਪ੍ਰੈਲ ਨੂੰ ਪਹਿਲਗਾਮ ਹਮਲਾ ਹੋਇਆ ਸੀ ਤਾਂ ਇਹ ਕਈ ਕਾਰਨਾਂ ਕਰ ਕੇ ਹੈਰਾਨ ਕਰਨ ਵਾਲਾ ਹਮਲਾ ਸੀ। ਜਿਸ ਤਰੀਕੇ ਨਾਲ ਲੋਕਾਂ ਨੂੰ ਉਨ੍ਹਾਂ ਦੇ ਪਰਵਾਰਾਂ ਦੇ ਸਾਹਮਣੇ ਮਾਰਿਆ ਗਿਆ, ਇਹ ਤੱਥ ਕਿ ਉਨ੍ਹਾਂ ਨੂੰ ਮਾਰਨ ਤੋਂ ਪਹਿਲਾਂ ਉਨ੍ਹਾਂ ਦਾ ਵਿਸ਼ਵਾਸ ਪੁਛਿਆ ਗਿਆ ਸੀ, ਜੰਮੂ-ਕਸ਼ਮੀਰ ਦੀ ਆਰਥਕਤਾ ਨੂੰ ਤਬਾਹ ਕਰਨ ਦਾ ਇਰਾਦਾ ਕੀ ਸੀ, ਜੋ ਧਾਰਾ 370 ਦੇ ਖਤਮ ਹੋਣ ਤੋਂ ਬਾਅਦ ਆਮ ਸਥਿਤੀ ਅਤੇ ਖੁਸ਼ਹਾਲੀ ਵਲ ਵਾਪਸ ਆ ਗਈ ਸੀ। ਇਸ ਸੱਭ ਨੇ ਦੇਸ਼ ਨੂੰ ਨਾਰਾਜ਼ ਕਰ ਦਿਤਾ।
ਮੰਤਰੀ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਵਿਸ਼ਵ ਭਰ ਵਿਚ ਸੋਗ ਅਤੇ ਸਦਮਾ ਸੀ। ਇਕਜੁੱਟਤਾ ਅਤੇ ਹਮਦਰਦੀ ਸੀ।
ਮੰਤਰੀ ਨੇ ਇਹ ਵੀ ਸਪੱਸ਼ਟ ਸੰਦੇਸ਼ ਦਿਤਾ ਕਿ ਭਾਰਤ ਕਿਸੇ ਵੀ ਵਿਚੋਲਗੀ ਲਈ ਤਿਆਰ ਨਹੀਂ ਹੈ ਅਤੇ ਪ੍ਰਮਾਣੂ ਬਲੈਕਮੇਲ ਤੋਂ ਨਹੀਂ ਡਰੇਗਾ।
ਉਨ੍ਹਾਂ ਨੇ ਪਾਕਿਸਤਾਨ ਵਿਰੁਧ ਭਾਰਤ ਦੀ ਫੌਜੀ ਕਾਰਵਾਈ ਦਾ ਮਜ਼ਾਕ ਉਡਾਉਣ ਲਈ ਵਿਰੋਧੀ ਪਾਰਟੀਆਂ ਦੇ ਕੁੱਝ ਨੇਤਾਵਾਂ ਦੀ ਵੀ ਆਲੋਚਨਾ ਕੀਤੀ, ਜੇਕਰ ਉਨ੍ਹਾਂ ਨੂੰ ਕੋਈ ਸ਼ੱਕ ਹੈ ਤਾਂ ਉਨ੍ਹਾਂ ਨੂੰ ਪਾਕਿਸਤਾਨ ਵਿਚ ਅਤਿਵਾਦੀਆਂ ਦੇ ਅੰਤਿਮ ਸੰਸਕਾਰ ਅਤੇ ਗੁਆਂਢੀ ਦੇਸ਼ ਵਿਚ ਹਵਾਈ ਖੇਤਰਾਂ ਨੂੰ ਤਬਾਹ ਕਰਨ ਦੀਆਂ ਵੀਡੀਉ ਵੇਖਣੀਆਂ ਚਾਹੀਦੀਆਂ ਹਨ। (ਪੀਟੀਆਈ)