ਇੰਦੌਰ ਦੇ ਨੇਤਰਹੀਣ ਸਾਫ਼ਟਵੇਅਰ ਇੰਜੀਨੀਅਰ ਨੇ ਕੀਤਾ ਕਮਾਲ, ਮਾਈਕ੍ਰੋਸਾਫ਼ਟ ਕੰਪਨੀ ਨੇ ਦਿੱਤਾ 47 ਲੱਖ ਦਾ ਆਫ਼ਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੰਪਨੀ ਦੇ ਬੈਂਗਲੁਰੂ ਦਫ਼ਤਰ ਵਿਚ ਜਲਦ ਹੋਵੇਗਾ ਸ਼ਾਮਲ

Blind software engineer of Indore did a great job

ਇੰਦੌਰ (ਮੱਧ ਪ੍ਰਦੇਸ਼): ਜਮਾਂਦਰੂ ਮੋਤੀਆ ਬਿੰਦ ਕਾਰਨ ਇੰਦੌਰ ਦਾ ਯਸ਼ ਸੋਨਕੀਆ ਭਾਵੇਂ ਅੱਠ ਸਾਲ ਦੀ ਉਮਰ ਵਿਚ ਆਪਣੀ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਗੁਆ ਬੈਠਿਆ ਸੀ, ਪਰ ਉਹ ਆਪਣੇ ਸਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਸੀ। ਅੱਖਾਂ ਦੀ ਰੌਸ਼ਨੀ ਚਲੇ ਜਾਣ ਦੇ ਬਾਵਜੂਦ ਉਸ ਨੇ ਆਪਣਾ ਸਾਫ਼ਟਵੇਅਰ ਇੰਜੀਨੀਅਰ ਬਣਨ ਦਾ ਸੁਪਨਾ ਨਹੀਂ ਟੁੱਟਣ ਦਿੱਤਾ। ਹੁਣ ਇੱਕ ਸਾਫ਼ਟਵੇਅਰ ਕੰਪਨੀ ਨੇ ਯਸ਼ ਨੂੰ ਲਗਭਗ 47 ਲੱਖ ਰੁਪਏ ਦੇ ਸਾਲਾਨਾ ਤਨਖ਼ਾਹ ਪੈਕੇਜ ਦੀ ਪੇਸ਼ਕਸ਼ ਕੀਤੀ ਹੈ। 

ਇੰਦੌਰ ਦੇ ਸ਼੍ਰੀ ਜੀ.ਐੱਸ. ਇੰਸਟੀਚਿਊਟ ਆਫ਼ ਟੈਕਨਾਲੋਜੀ ਐਂਡ ਸਾਇੰਸ (ਐੱਸ.ਜੀ.ਐੱਸ.ਆਈ.ਟੀ.ਐੱਸ.) ਦੇ ਇੱਕ ਅਧਿਕਾਰੀ ਨੇ ਦੱਸਿਆ' 2021 ’ਚ ਕੰਪਿਊਟਰ ਸਾਇੰਸ 'ਚ ਬੀ.ਟੈਕ ਪੂਰੀ ਕਰਨ ਵਾਲੇ ਯਸ਼ ਨੂੰ ਮਾਈਕਰੋਸਾਫ਼ਟ ਤੋਂ ਲਗਭਗ 47 ਲੱਖ ਰੁਪਏ ਦੇ ਸਾਲਾਨਾ ਤਨਖ਼ਾਹ ਪੈਕੇਜ ਲਈ ਰੁਜ਼ਗਾਰ ਦੀ ਪੇਸ਼ਕਸ਼ ਮਿਲੀ ਹੈ। 25 ਸਾਲਾ ਸੋਨਕੀਆ ਨੇ ਦੱਸਿਆ ਕਿ ਉਹ ਜਲਦੀ ਹੀ ਇਹ ਪੇਸ਼ਕਸ਼ ਸਵੀਕਾਰ ਕਰੇਗਾ ਅਤੇ ਕੰਪਨੀ ਦੇ ਬੈਂਗਲੁਰੂ ਦਫ਼ਤਰ ਵਿਚ ਸਾਫ਼ਟਵੇਅਰ ਇੰਜੀਨੀਅਰ ਵਜੋਂ ਸ਼ਾਮਲ ਹੋਵੇਗਾ, ਹਾਲਾਂਕਿ ਸ਼ੁਰੂ ਵਿਚ ਉਸ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ। ਆਪਣੀ ਇਸ ਪ੍ਰਾਪਤੀ ਤੋਂ ਬਾਅਦ ਇਹ ਨੇਤਰਹੀਣ ਨੌਜਵਾਨ ਮੀਡੀਆ ਦੀ ਚਰਚਾ ਵਿਚ ਹੈ, ਪਰ ਇਸ ਮੁਕਾਮ ਤੱਕ ਪਹੁੰਚਣ ਦਾ ਉਸ ਦਾ ਰਾਹ ਜ਼ਾਹਿਰ ਤੌਰ 'ਤੇ ਆਸਾਨ ਨਹੀਂ ਸੀ। 

ਯਸ਼ ਨੇ ਦੱਸਿਆ, “ਵਿਸ਼ੇਸ਼ ਟੈਕਨਾਲੋਜੀ ਸਕ੍ਰੀਨ ਰੀਡਰ ਸਾਫ਼ਟਵੇਅਰ ਦੀ ਮਦਦ ਨਾਲ ਬੀ.ਟੈਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਂ ਨੌਕਰੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਮੈਂ ਕੋਡਿੰਗ ਸਿੱਖੀ ਅਤੇ Microsoft ’ਚ ਨੌਕਰੀ ਲਈ ਅਰਜ਼ੀ ਦਿੱਤੀ। ਆਨਲਾਈਨ ਪ੍ਰੀਖਿਆ ਅਤੇ ਇੰਟਰਵਿਊ ਤੋਂ ਬਾਅਦ, ਮੈਂ ਮਾਈਕ੍ਰੋਸਾਫ਼ਟ ਵਿਚ ਸਾਫ਼ਟਵੇਅਰ ਇੰਜੀਨੀਅਰ ਦੇ ਅਹੁਦੇ ਲਈ ਚੁਣਿਆ ਗਿਆ ਹਾਂ।" 

ਯਸ਼ ਸੋਨਕੀਆ ਦੇ ਪਿਤਾ ਸ਼ਹਿਰ ਵਿਚ ਕੰਟੀਨ ਚਲਾਉਂਦੇ ਹਨ। ਉਹਨਾਂ ਦੱਸਿਆ ਕਿ ਉਹਨਾਂ ਦੇ ਬੇਟੇ ਦੇ ਜਨਮ ਤੋਂ ਅਗਲੇ ਦਿਨ ਹੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਯਸ਼ ਨੂੰ ਮੋਤੀਆ ਬਿੰਦ ਦੀ ਜਮਾਂਦਰੂ ਬਿਮਾਰੀ ਹੈ। ਉਹਨਾਂ ਕਿਹਾ, "ਅੱਠ ਸਾਲ ਦਾ ਹੋਣ ਤੱਕ ਮੇਰੇ ਬੇਟੇ ਦੀ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਖ਼ਤਮ ਹੋ ਗਈ ਸੀ, ਪਰ ਅਸੀਂ ਹਾਰ ਨਹੀਂ ਮੰਨੀ ਕਿਉਂਕਿ ਉਹ ਇੱਕ ਸਾਫ਼ਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਸੀ।"

ਯਸ਼ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਹੋਣਹਾਰ ਪੁੱਤਰ ਨੂੰ ਪੰਜਵੀਂ ਜਮਾਤ ਤੱਕ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ ਵਿਚ ਪੜ੍ਹਾਇਆ, ਪਰ ਛੇਵੀਂ ਜਮਾਤ ਤੋਂ ਉਸ ਨੂੰ ਆਮ ਬੱਚਿਆਂ ਦੇ ਸਕੂਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਇੱਕ ਭੈਣ ਨੇ ਖ਼ਾਸ ਕਰਕੇ ਗਣਿਤ ਅਤੇ ਵਿਗਿਆਨ ਵਿਚ ਉਸ ਦੀ ਮਦਦ ਕੀਤੀ। ਪੁੱਤਰ ਦੀ ਇਸ ਕਾਮਯਾਬੀ ’ਤੇ ਭਾਵੁਕ ਹੋਏ ਪਿਤਾ ਨੇ ਕਿਹਾ, “ਯਸ਼ ਮੇਰਾ ਵੱਡਾ ਪੁੱਤ ਹੈ ਅਤੇ ਉਸ ਨਾਲ ਮੇਰੇ ਸੁਪਨੇ ਜੁੜੇ ਹੋਏ ਹਨ। ਸੰਘਰਸ਼ ਤੋਂ ਬਾਅਦ ਆਖ਼ਿਰਕਾਰ ਉਸ ਦਾ ਸਾਫ਼ਟਵੇਅਰ ਇੰਜੀਨੀਅਰ ਬਣਨ ਦਾ ਸੁਪਨਾ ਪੂਰਾ ਹੋ ਗਿਆ ਹੈ।"