ਧੀ ਲਈ ਇਨਸਾਫ਼ ਲੈਣ ਥਾਣੇ ਗਈ ਮਾਂ ਨਾਲ ਚੌਕੀ ਇੰਚਾਰਜ ਨੇ ਕੀਤਾ ਬਲਾਤਕਾਰ, ਇੰਸਪੈਕਟਰ ਨੂੰ ਭੇਜਿਆ ਗਿਆ ਜੇਲ੍ਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀੜਤ ਔਰਤ ਆਪਣੀ 17 ਸਾਲਾ ਧੀ ਲਈ ਇਨਸਾਫ਼ ਲੈਣ ਹਾਜੀ ਸ਼ਰੀਫ਼ ਚੌਂਕੀ ਆਈ ਸੀ। ਉਸ ਦੀ ਧੀ ਨਾਲ ਵੀ ਅਣਪਛਾਤੇ ਮੁਲਜ਼ਮਾਂ ਨੇ ਬਲਾਤਕਾਰ ਕੀਤਾ ਸੀ।

UP cop held for sexually assaulting mother of teen rape survivor


 ਕਾਨਪੁਰ: ਕਨੌਜ ਜ਼ਿਲ੍ਹੇ ਦੇ ਸਦਰ ਕੋਤਵਾਲੀ ਇਲਾਕੇ ਵਿਚ ਆਪਣੀ ਧੀ ਲਈ ਇਨਸਾਫ਼ ਮੰਗਣ ਆਈ ਇਕ ਮਹਿਲਾ ਨਾਲ ਚੌਕੀ ਇੰਚਾਰਜ ਨੇ ਬਲਾਤਕਾਰ ਕੀਤਾ। ਮੁਲਜ਼ਮ ਅਨੂਪ ਮੌਰਿਆ ਨੇ ਮਹਿਲਾ ਨੂੰ ਪਹਿਲਾਂ ਜਾਂਚ ਦੇ ਬਹਾਨੇ ਹਾਜੀ ਸ਼ਰੀਫ ਚੌਕੀ 'ਤੇ ਬੁਲਾਇਆ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ। ਮਾਮਲਾ ਧਿਆਨ ਵਿਚ ਆਉਣ ਤੋਂ ਬਾਅਦ ਮੁਲਜ਼ਮ ਅਨੂਪ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਪੀੜਤ ਔਰਤ ਆਪਣੀ 17 ਸਾਲਾ ਧੀ ਲਈ ਇਨਸਾਫ਼ ਲੈਣ ਹਾਜੀ ਸ਼ਰੀਫ਼ ਚੌਂਕੀ ਆਈ ਸੀ। ਉਸ ਦੀ ਧੀ ਨਾਲ ਵੀ ਅਣਪਛਾਤੇ ਮੁਲਜ਼ਮਾਂ ਨੇ ਬਲਾਤਕਾਰ ਕੀਤਾ ਸੀ।

ਅਨੂਪ ਨੂੰ ਕੁਝ ਦਿਨ ਪਹਿਲਾਂ ਹੀ ਇੰਸਪੈਕਟਰ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਸੀ। ਐਸਪੀ ਕੁੰਵਰ ਅਨੁਪਮ ਸਿੰਘ ਨੇ ਦੱਸਿਆ ਕਿ ਫੋਰੈਂਸਿਕ ਅਤੇ ਹੋਰ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਕਨੌਜ ਸਦਰ ਕੋਤਵਾਲੀ ਵਿਚ ਰਹਿਣ ਵਾਲੀ ਇਕ ਔਰਤ ਦੀ 17 ਸਾਲਾ ਧੀ ਨਾਲ ਕੁਝ ਦਿਨ ਪਹਿਲਾਂ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਥਾਣਾ ਸਦਰ ਕੋਤਵਾਲੀ ਵਿਚ ਰਿਪੋਰਟ ਦਰਜ ਹੋਣ ਤੋਂ ਬਾਅਦ ਇਸ ਦੀ ਜਾਂਚ ਹਾਜੀ ਸ਼ਰੀਫ ਚੌਕੀ ਇੰਚਾਰਜ ਅਨੂਪ ਮੌਰਿਆ ਨੂੰ ਦਿੱਤੀ ਗਈ।

ਮਹਿਲਾ ਵੱਲੋਂ ਦਰਜ ਕਰਵਾਈ ਰਿਪੋਰਟ ਅਨੁਸਾਰ 26 ਅਗਸਤ ਨੂੰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਐਸਪੀ ਦਫ਼ਤਰ ਨੂੰ ਦਰਖਾਸਤ ਦਿੱਤੀ ਗਈ ਸੀ। ਇਸ ਸਬੰਧੀ ਗੱਲ ਕਰਨ ਲਈ ਮਹਿਲਾ ਚੌਕੀ ਪਹੁੰਚੀ। ਐਤਵਾਰ ਸਵੇਰੇ ਜਦੋਂ ਔਰਤ ਨੇ ਫੋਨ ਕੀਤਾ ਤਾਂ ਅਨੂਪ ਮੌਰਿਆ ਨੇ ਉਸ ਨੂੰ ਪੁਲਿਸ ਲਾਈਨਜ਼ ਬੁਲਾਇਆ। ਅਨੂਪ ਸਾਦੇ ਕੱਪੜਿਆਂ 'ਚ ਬਾਈਕ 'ਤੇ ਉੱਥੇ ਪਹੁੰਚਿਆ ਅਤੇ ਔਰਤ ਨੂੰ ਬਾਈਕ 'ਤੇ ਬਿਠਾ ਕੇ ਅੱਗੇ ਲੈ ਗਿਆ।

ਘਰ ਪਹੁੰਚ ਕੇ ਇੰਸਪੈਕਟਰ ਅਨੂਪ ਮੌਰਿਆ ਨੇ ਔਰਤ ਨਾਲ ਬਲਾਤਕਾਰ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸਪੀ ਨੇ ਮਾਮਲੇ ਦੀ ਜਾਂਚ ਸੀਓ ਸਿਟੀ ਸ਼ਿਵ ਪ੍ਰਤਾਪ ਸਿੰਘ ਨੂੰ ਸੌਂਪ ਦਿੱਤੀ ਹੈ। ਸੀਓ ਨੂੰ ਜਾਂਚ ਵਿਚ ਬਲਾਤਕਾਰ ਦੇ ਸਬੂਤ ਮਿਲੇ ਹਨ। ਇਸ ਤੋਂ ਬਾਅਦ ਸੋਮਵਾਰ ਨੂੰ ਇੰਸਪੈਕਟਰ ਅਨੂਪ ਮੌਰਿਆ ਨੂੰ ਰਿਪੋਰਟ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ।