ਦਿੱਲੀ ’ਚ ਐਮੇਜ਼ੋਨ ਦੇ ਮੈਨੇਜਰ ਹਰਪ੍ਰੀਤ ਗਿੱਲ ਦਾ ਗੋਲੀ ਮਾਰ ਕੇ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਰ ਦੇ ਆਰ-ਪਾਰ ਨਿਕਲੀ ਗੋਲੀ, ਬਦਮਾਸ਼ਾਂ ਦੇ ਹਮਲੇ ’ਚ ਜ਼ਖ਼ਮੀ ਦੋਸਤ ਜ਼ੇਰੇ ਇਲਾਜ

Deceased Harpreet Gill

ਪੰਜ ਹਮਲਾਵਰਾਂ ਨੂੰ ਫੜਨ ਲਈ ਪੁਲਿਸ ਜਾਂਚ ਜਾਰੀ 

ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ ’ਚ ਈ-ਕਾਮਰਸ ਕੰਪਨੀ ਐਮੇਜ਼ੋਨ ਦੇ ਸੀਨੀਅਰ ਮੈਨੇਜਰ ਦਾ ਗੋਲੀ ਮਾਰ ਕੇ ਕਥਿਤ ਤੌਰ ’ਤੇ ਕਤਲ ਕਰ ਦਿਤਾ ਗਿਆ। ਪੁਲਿਸ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। 

ਪੁਲਿਸ ਨੇ ਦਸਿਆ ਕਿ ਵਾਰਦਾਤ ਮੰਗਲਵਾਰ ਰਾਤ ਲਗਭਗ 11:40 ਵਜੇ ਵਾਪਰੀ। ਸੁਭਾਸ਼ ਵਿਹਾਰ ’ਚ ਪੰਜ ਅਣਪਛਾਤੇ ਲੋਕਾਂ ਨੇ ਹਰਪ੍ਰੀਤ ਗਿੱਲ (36) ਅਤੇ ਉਸ ਦੇ ਦੋਸਤ ਗੋਵਿੰਦ ਸਿੰਘ (32) ’ਤੇ ਗੋਲੀਆਂ ਚਲਾ ਦਿਤੀਆਂ। 

ਪੁਲਿਸ ਨੇ ਦਸਿਆ ਕਿ ਸਿਰ ’ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਗਿੱਲ ਨੂੰ ਜਗ ਪ੍ਰਦੇਸ਼ ਚੰਦਰ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿਤਾ। ਉਨ੍ਹਾਂ ਦੇ ਦੋਸਤ ਦਾ ਇਲਾਜ ਚਲ ਰਿਹਾ ਹੈ। 

ਪੁਲਿਸ ਉਪ ਕਮਿਸ਼ਨਰ (ਉੱਤਰ-ਪੂਰਬ) ਜੌਏ ਟਿਰਕੀ ਨੇ ਕਿਹਾ ਕਿ ਗਿੱਲ ਭਜਨਪੁਰਾ ਦੇ ਰਹਿਣ ਵਾਲੇ ਸਨ ਅਤੇ ਐਮੇਜ਼ੋਨ ਕੰਪਨੀ ’ਚ ਸੀਨੀਅਰ ਮੈਨੇਜਰ ਵਜੋਂ ਕੰਮ ਕਰਦੇ ਸਨ। ਗੋਲੀ ਉਨ੍ਹਾਂ ਦੇ ਸਿਰ ਦੇ ਸੱਜੇ ਪਾਸੇ ਤੋਂ ਕੰਨ ਪਿੱਛੇ ਵੜੀ ਅਤੇ ਦੂਜੇ ਪਾਸਿਉਂ ਪਾਰ ਹੋ ਗਈ। 

ਪੁਲਿਸ ਨੇ ਕਿਹਾ ਕਿ ਗੋਵਿੰਦ ਵੀ ਭਜਨਪੁਰਾ ਦਾ ਵਾਸੀ ਹੈ ਅਤੇ ਢਾਬੇ ਦਾ ਮਾਲਕ ਹੈ। ਉਸ ਦੇ ਵੀ ਸਿਰ ’ਚ ਗੋਲੀ ਲੱਗੀ ਹੈ ਅਤੇ ਉਸ ਨੂੰ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। 

ਟਿਰਕੀ ਨੇ ਕਿਹਾ ਕਿ ਦੋਵੇਂ ਮੋਟਰਸਾਈਕਲ ’ਤੇ ਸਵਾਰ ਸਨ ਜਦੋਂ ਸਕੂਟਰ ਅਤੇ ਮੋਟਰਸਾਈਕਲ ’ਤੇ ਪੰਜ ਹਮਲਾਵਰਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਗੋਲੀਆਂ ਚਲਾ ਦਿਤੀਆਂ। 

ਪੁਲਿਸ ਨੇ ਕਿਹਾ ਕਿ ਹਮਲਾਵਰਾਂ ਦੀ ਪਛਾਣ ਲਈ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਫ਼ੁਟੇਜ ਖੰਗਾਲੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਾਰਦਾਤ ਦਾ ਕਾਰਨ ਵੀ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਨੇ ਕਿਹਾ ਕਿ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। 

ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਪਤਾ ਲਗਿਆ ਹੈ ਕਿ ਗੋਲੀਬਾਰੀ ਤੋਂ ਪਹਿਲਾਂ ਦੋਹਾਂ ਧਿਰਾਂ ’ਚ ਬਹਿਸ ਹੋ ਗਈ ਸੀ। ਗੋਵਿੰਦ ਨੇ ਪੁਲਿਸ ਨੂੰ ਦਸਿਆ ਕਿ ਵੇਖਣ ਨੂੰ ਹਮਲਾਵਰ 18 ਤੋਂ 19 ਸਾਲ ਦੀ ਉਮਰ ਵਿਚਕਾਰ ਲਗਦੇ ਸਨ। ਪੁਲਿਸ ਨੇ ਕਿਹਾ ਕਿ ਹੁਣ ਤਕ ਦੀ ਜਾਂਚ ’ਚ ਸਥਾਨਕ ਅਪਰਾਧੀ ਮਾਇਆ ਦਾ ਨਾਂ ਸਾਹਮਣੇ ਆਇਆ ਹੈ ਅਤੇ ਉਹ ਸ਼ੱਕੀਆਂ ’ਚੋਂ ਇਕ ਹੈ। 

ਇਸ ਦੌਰਾਨ ਗਿੱਲ ਦੇ ਮਾਤਾ-ਪਿਤਾ ਨੇ ਪੁੱਤਰ ਲਈ ਨਿਆਂ ਅਤੇ ਉਸ ਦੇ ਕਾਤਲਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਗਿੱਲ ਦੇ ਪਿਤਾ ਕਰਨੈਲ ਸਿੰਘ ਨੇ ਕਿਹਾ, ‘‘ਹਰਪ੍ਰੀਤ ਨੇ ਮੰਗਲਵਾਰ ਰਾਤ ਲਗਭਗ 10:30 ਅਪਣੀ ਮਾਂ ਨੂੰ ਦਸਿਆ ਕਿ ਉਹ ਬਾਹਰ ਜਾ ਰਿਹਾ ਹੈ ਅਤੇ 10 ਮਿੰਟ ਬਾਅਦ ਆ ਕੇ ਖਾਣਾ ਖਾਏਗਾ। ਘਟਨਾ ਵੇਲੇ ਮੇਰਾ ਇਕ ਰਿਸ਼ਤੇਦਾਰ ਵੀ ਉਸ ਨਾਲ ਸੀ।’’ 

ਗਿੱਲ ਦੀ ਮਾਂ ਨੇ ਕਿਹਾ, ‘‘ਮੇਰੇ ਪੁੱਤਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਹ ਬਹੁਤ ਹੀ ਮਿਹਨਤੀ ਸੀ। ਅਸੀਂ ਚਾਹੁੰਦੇ ਹਾਂ ਕਿ ਉਸ ਨੂੰ ਨਿਆਂ ਮਿਲੇ।’’