Champai Soren : ਭਾਜਪਾ 'ਚ ਸ਼ਾਮਲ ਹੋਏ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ , 28 ਅਗਸਤ ਨੂੰ ਛੱਡੀ ਸੀ JMM
ਚੰਪਈ ਸੋਰੇਨ ਨੇ ਕਿਹਾ, ਮੈਂ ਦਿਲ ਦਾ ਸਾਫ਼ ਹਾਂ, ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਜਾਸੂਸੀ ਕੀਤੀ ਜਾਵੇਗੀ
Champai Soren : ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਭਾਜਪਾ 'ਚ ਸ਼ਾਮਲ ਹੋ ਗਏ ਹਨ। ਝਾਰਖੰਡ ਭਾਜਪਾ ਦੇ ਚੋਣ ਸਹਿ-ਇੰਚਾਰਜ ਸ਼ਿਵਰਾਜ ਸਿੰਘ ਚੌਹਾਨ ਅਤੇ ਹਿਮੰਤ ਬਿਸਵਾ ਸ਼ਰਮਾ ਨੇ ਰਾਂਚੀ ਦੇ ਧੁਰਵਾ ਦੇ ਸ਼ਹੀਦ ਮੈਦਾਨ ਵਿੱਚ ਰੱਖੇ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਭਾਜਪਾ ਦੀ ਮੈਂਬਰਸ਼ਿਪ ਦਿਵਾਈ ਹੈ।
ਇਸ ਮੌਕੇ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਚੰਪਾਈ ਸੋਰੇਨ ਦੇ ਆਉਣ ਨਾਲ ਭਾਜਪਾ ਹੋਰ ਮਜ਼ਬੂਤ ਹੋਵੇਗੀ। ਟਾਈਗਰ ਅਜੇ ਜ਼ਿੰਦਾ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਝਾਰਖੰਡ ਮੁਕਤੀ ਮੋਰਚਾ (JMM ) ਹੁਣ ਪਤੀ-ਪਤਨੀ ਅਤੇ ਦਲਾਲਾਂ ਦੀ ਪਾਰਟੀ ਬਣ ਗਈ ਹੈ।
ਇਸ ਦੇ ਨਾਲ ਹੀ ਚੰਪਈ ਸੋਰੇਨ ਨੇ ਕਿਹਾ ਕਿ ਮੈਂ ਦਿਲ ਦਾ ਸਾਫ਼ ਹਾਂ, ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਜਾਸੂਸੀ ਕੀਤੀ ਜਾਵੇਗੀ। ਝਾਰਖੰਡ ਲਈ ਲੜਨ ਵਾਲੇ ਵਿਅਕਤੀ ਦੇ ਪਿੱਛੇ ਇੱਕ ਜਾਸੂਸ ਲਗਾਇਆ ਗਿਆ ਸੀ। ਉਸ ਦਿਨ ਤੋਂ ਬਾਅਦ ਅਸੀਂ ਫ਼ੈਸਲਾ ਲਿਆ ਕਿ ਦਲ ਵਿੱਚ ਜਾਵਾਂਗੇ ,ਜਨਤਾ ਦੀ ਸੇਵਾ ਕਰਾਂਗੇ।
ਚੰਪਾਈ ਨੇ ਬੁੱਧਵਾਰ 28 ਅਗਸਤ ਨੂੰ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਸੀ, 'ਅਸੀਂ ਜੋ ਵੀ ਫੈਸਲਾ ਲਿਆ ਹੈ, ਝਾਰਖੰਡ ਦੇ ਹਿੱਤ ਵਿੱਚ ਲਿਆ ਹੈ। ਅਸੀਂ ਲੜਨ ਵਾਲੇ ਲੋਕ ਹਾਂ ਅਤੇ ਪਿੱਛੇ ਨਹੀਂ ਹਟਾਂਗੇ। ਪਾਰਟੀ ਸਾਨੂੰ ਜੋ ਵੀ ਜ਼ਿੰਮੇਵਾਰੀ ਦੇਵੇਗੀ ਅਸੀਂ ਉਸ ਮੁਤਾਬਕ ਕੰਮ ਕਰਾਂਗੇ। ਝਾਰਖੰਡ ਵਿੱਚ ਵਿਕਾਸ ਦੇ ਨਾਲ-ਨਾਲ ਅਸੀਂ ਆਦਿਵਾਸੀਆਂ ਦੀ ਹੋਂਦ ਨੂੰ ਬਚਾਉਣ ਲਈ ਕਦਮ ਉਠਾਵਾਂਗੇ।
ਚੰਪਈ ਸੋਰੇਨ ਦੇ ਪਾਰਟੀ ਛੱਡਣ ਦੇ ਇੱਕ ਦਿਨ ਦੇ ਅੰਦਰ ਹੀ ਝਾਰਖੰਡ ਕੈਬਨਿਟ ਵਿੱਚ ਇੱਕ ਹੋਰ ਮੰਤਰੀ ਨੂੰ ਥਾਂ ਮਿਲ ਗਈ ਹੈ। ਰਾਮਦਾਸ ਸੋਰੇਨ ਨੇ ਚੰਪਾਈ ਸੋਰੇਨ ਦੀ ਥਾਂ ਮੰਤਰੀ ਵਜੋਂ ਸਹੁੰ ਚੁੱਕੀ ਹੈ।