ਅਧਿਆਪਕ ਨੇ 8 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਹਸਪਤਾਲ ਲਿਜਾਂਦੇ ਸਮੇਂ ਬੱਚੇ ਨੇ ਤੋੜਿਆ ਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਪੋਸਟਮਾਰਟਮ ਲਈ ਭੇਜੀ ਲਾਸ਼

photo

 

ਗਯਾ: ਗਯਾ ਦੇ ਵਜ਼ੀਰਗੰਜ 'ਚ ਅਧਿਆਪਕ ਵੱਲੋਂ ਬੇਰਹਿਮੀ ਨਾਲ ਕੁੱਟ-ਕੁੱਟ ਕੇ 8 ਸਾਲ ਦੇ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਦਿਆਰਥੀ ਦੇ ਦਾਦਾ ਨੇ ਵਜ਼ੀਰਗੰਜ ਥਾਣੇ 'ਚ ਦਰਖਾਸਤ ਦੇ ਕੇ ਸੰਚਾਲਕ 'ਤੇ ਹੱਤਿਆ ਦਾ ਦੋਸ਼ ਲਗਾਇਆ ਹੈ। ਇਲਜ਼ਾਮ ਵਿੱਚ ਕਿਹਾ ਗਿਆ ਹੈ ਕਿ ਉੱਥੇ ਅਧਿਆਪਕ ਨੇ ਉਸਦੇ ਪੋਤੇ ਵਿਵੇਕ ਕੁਮਾਰ ਦੀ ਕੁੱਟਮਾਰ ਕੀਤੀ ਅਤੇ ਉਸਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਉਹ ਸਕੂਲ ਦੇ ਬਾਹਰ ਕੁਝ ਦੂਰੀ 'ਤੇ ਬੇਹੋਸ਼ ਹੋ ਗਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਉਸ ਦੀ ਮੌਤ ਹੋ ਗਈ।

ਇਹ ਮਾਮਲਾ ਵਜ਼ੀਰਗੰਜ ਸਥਿਤ ਲਿਟਲ ਲੀਡਰਜ਼ ਪਬਲਿਕ ਸਕੂਲ ਨਾਲ ਸਬੰਧਤ ਹੈ। ਦਾਦਾ ਰਾਮਬਾਲਕ ਪ੍ਰਸਾਦ ਦਾ ਦੋਸ਼ ਹੈ ਕਿ ਕੁੱਟਮਾਰ ਤੋਂ ਬਾਅਦ ਜਦੋਂ ਉਸ ਦੇ ਪੋਤੇ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਇਕੱਲੇ ਭੇਜ ਦਿੱਤਾ ਗਿਆ। ਰਸਤੇ ਵਿੱਚ ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਪਿੰਡ ਉਖਾੜਾ ਦੇ ਬੰਟੀ ਰਾਜਵੰਸ਼ੀ ਨਾਂ ਦੇ ਵਿਅਕਤੀ ਨੇ ਉਸ ਨੂੰ ਚੁੱਕ ਕੇ ਘਰ ਲਿਆਂਦਾ।

ਇਲਜ਼ਾਮ ਅਨੁਸਾਰ ਇਸ ਤੋਂ ਬਾਅਦ ਬੱਚੇ ਨੂੰ ਥਾਣੇ ਲਿਆਂਦਾ ਗਿਆ ਪਰ ਐਸਐਚਓ ਨੇ ਪਹਿਲਾਂ ਇਲਾਜ ਲਈ ਕਿਹਾ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਸੀ.ਐੱਚ.ਸੀ. ਲਿਆਂਦਾ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਏ.ਐੱਨ.ਐੱਮ.ਸੀ.ਐੱਚ. ਗਯਾ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
ਇਸ ਤੋਂ ਬਾਅਦ ਜਦੋਂ ਬੱਚੇ ਦੀ ਲਾਸ਼ ਪਿੰਡ ਪੁੱਜੀ ਤਾਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਲਾਸ਼ ਨੂੰ ਸਕੂਲ ਅੱਗੇ ਰੱਖ ਕੇ ਮੁੱਖ ਸੜਕ ’ਤੇ ਜਾਮ ਲਾ ਦਿੱਤਾ।

ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਸਥਾਨਕ ਸਮਾਜ ਸੇਵੀਆਂ ਦੀ ਮਦਦ ਨਾਲ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਬੁਝਾਇਆ ਅਤੇ ਸੜਕ 'ਤੇ ਆਵਾਜਾਈ ਨੂੰ ਆਮ ਕਰਵਾਇਆ। ਇਸ ਦੇ ਨਾਲ ਹੀ ਇੱਕ ਅਧਿਆਪਕ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੌਤ ਕਿਸ ਕਾਰਨ ਹੋਈ ਹੈ।