ਭਾਜਪਾ ਦੀ ਮਨੀਪੁਰ ਇਕਾਈ ਨੇ ਪਾਰਟੀ ਪ੍ਰਧਾਨ ਨੱਢਾ ਨੂੰ ਚਿੱਠੀ ਲਿਖੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਪਣੀ ਹੀ ਪਾਰਟੀ ਦੀ ਸਰਕਾਰ ’ਤੇ ਸੂਬੇ ਅੰਦਰ ਹਿੰਸਾ ਰੋਕਣ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ

JP Chadha and Biren Singh

ਇੰਫਾਲ: ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮਨੀਪੁਰ ਇਕਾਈ ਨੇ ਅਪਣੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੂੰ ਦਸਿਆ ਕਿ ਲੋਕਾਂ ’ਚ ਗੁੱਸਾ ਹੈ ਕਿਉਂਕਿ ਸੂਬਾ ਸਰਕਾਰ ਜਾਤ ਅਧਾਰਤ ਟਕਰਾਅ ਨੂੰ ਰੋਕਣ ’ਚ ਹੁਣ ਤਕ ਨਾਕਾਮ ਰਹੀ ਹੈ।

ਪਾਰਟੀ ਦੀ ਸੂਬਾ ਇਕਾਈ ਦੀ ਪ੍ਰਧਾਨ ਸ਼ਾਰਦਾ ਦੇਵੀ, ਮੀਤ ਪ੍ਰਧਾਨ ਚੌਧਰੀ ਚਿਦਾਨੰਦ ਸਿੰਘ ਅਤੇ ਛੇ ਹੋਰਾਂ ਦੇ ਦਸਤਖਤ ਵਾਲੀ ਚਿੱਠੀ ’ਚ ਨੱਢਾ ਨੂੰ ਕਿਹਾ ਗਿਆ ਹੈ ਕਿ ‘ਜਨਤਾ ਗੁੱਸਾ ਅਤੇ ਵਿਰੋਧ ਹੁਣ ਤੇਜ਼ ਹੋ ਰਿਹਾ ਹੈ, ਜਿਸ ਨਾਲ ਲੰਮੇ ਸਮੇਂ ਤੋਂ ਜਾਰੀ ਅਸ਼ਾਂਤੀ ਲਈ ਸਰਕਾਰ ਦੀ ਅਸਫ਼ਲਤਾ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।’ ਜ਼ਿਕਰਯੋਗ ਹੈ ਕਿ 27 ਸਤੰਬਰ ਨੂੰ ਸ਼ਾਰਦਾ ਦੇਵੀ ਦੇ ਘਰ ਸਮੇਤ ਭਾਜਪਾ ਦੇ ਦਫ਼ਤਰਾਂ ’ਤੇ ਭੜਕੀ ਹੋਈ ਭੀੜ ਨੇ ਹਮਲਾ ਕਰ ਦਿਤਾ ਸੀ। 

ਆਗੂਆਂ ਨੇ ਉਜਾੜੇ ਗਏ ਲੋਕਾਂ ਨੂੰ ਉਨ੍ਹਾਂ ਦੇ ‘ਅਸਲੀ ਨਿਵਾਸ ਸਥਾਨ’ ’ਤੇ ਤੁਰਤ ਵਸਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਸਾਡੀ ਸਰਕਾਰ ਸੂਬੇ ’ਚ ਸਥਿਤੀ ਨੂੰ ਆਮ ਵਾਂਗ ਲਿਆਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਸੂਬਾ ਪੱਧਰ ’ਤੇ ਸਾਡੀ ਪਾਰਟੀ ਵੀ ਸਥਿਤੀ ਨਾਲ ਨਜਿੱਠਣ ਵਿਚ ਵੱਡੀ ਭੂਮਿਕਾ ਨਿਭਾ ਰਹੀ ਹੈ।’’

ਪਾਰਟੀ ਨੇ ਲੋਕਾਂ ਦੀਆਂ ਵੱਖ-ਵੱਖ ਮੰਗਾਂ ਨੂੰ ਵੀ ਉਜਾਗਰ ਕੀਤਾ ਜਿਸ ’ਚ ‘ਨੈਸ਼ਨਲ ਹਾਈਵੇ ’ਤੇ ਨਿਰਵਿਘਨ ਆਵਾਜਾਈ ਦੀ ਤੁਰਤ ਬਹਾਲੀ’ ਸ਼ਾਮਲ ਹੈ। ਸੂਬਾ ਇਕਾਈ ਨੇ ਉਨ੍ਹਾਂ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਵੀ ਕਿਹਾ, ਜਿਨ੍ਹਾਂ ਦੇ ਘਰ ਤਬਾਹ ਹੋਏ ਹਨ। ਉਸ ਨੇ ਨਸਲੀ ਸੰਘਰਸ਼ ’ਚ ਮਾਰੇ ਗਏ ਲੋਕਾਂ ਦੇ ਪ੍ਰਵਾਰਾਂ ਨੂੰ ਐਕਸ-ਗ੍ਰੇਸ਼ੀਆ ਦੇਣ ਦੀ ਵੀ ਬੇਨਤੀ ਕੀਤੀ।