Anupam Kher : ਅਨੁਪਮ ਖੇਰ ਦੀ ਤਸਵੀਰ ਵਾਲੇ ਨੋਟ ਫੜਾ ਕੇ ਦੋ ਵਿਅਕਤੀਆਂ ਨੇ 2.1 ਕਿਲੋ ਸੋਨਾ ਠੱਗਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੋਟਾਂ 'ਤੇ ਮਹਾਤਮਾ ਗਾਂਧੀ ਦੀ ਬਜਾਏ ਅਨੁਪਮ ਖੇਰ ਦੀ ਤਸਵੀਰ ਦਾ ਕੀ ਹੈ ਸੱਚ?

Anupam Kher

Anupam Kher : ਗੁਜਰਾਤ ’ਚ ਦੋ ਅਣਪਛਾਤੇ ਵਿਅਕਤੀਆਂ ਨੇ ਇਕ ਸੁਨਿਆਰੇ ਨੂੰ ਅਦਾਕਾਰ ਅਨੁਪਮ ਖੇਰ ਦੀ ਤਸਵੀਰ ਵਾਲੇ ਜਾਅਲੀ ਨੋਟ ਫੜਾਏ ਅਤੇ ਉਸ ਦਾ 2.1 ਕਿਲੋ ਸੋਨਾ ਲੈ ਕੇ ‘ਨੌਂ ਦੋ ਗਿਆਰਾਂ’ ਹੋ ਗਏ।

ਕਾਰੋਬਾਰੀ ਮੇਹੁਲ ਠੱਕਰ ਨੇ ਨਵਰੰਗਪੁਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ’ਚ ਉਸ ਨੇ ਦਸਿਆ  ਕਿ ਕਿਵੇਂ 500 ਰੁਪਏ ਦੇ ਨਕਲੀ ਨੋਟਾਂ ਦੇ 26 ਬੰਡਲ ਦੇ ਕੇ ਉਸ ਨਾਲ ਧੋਖਾ ਕੀਤਾ ਗਿਆ।

ਇਹ ਘਟਨਾ 24 ਸਤੰਬਰ ਨੂੰ ਵਾਪਰੀ ਸੀ ਜਦੋਂ ਅਣਪਛਾਤੇ ਵਿਅਕਤੀਆਂ ਨੇ 2.1 ਕਿਲੋ ਗ੍ਰਾਮ ਸੋਨੇ ਦੇ ਬਦਲੇ ਠੱਕਰ ਦੇ ਮੁਲਾਜ਼ਮਾਂ ਨੂੰ ਜਾਅਲੀ ਕਰੰਸੀ ਨੋਟਾਂ ਦੇ ਬੰਡਲ ਦਿਤੇ ਸਨ, ਜਿਨ੍ਹਾਂ ’ਤੇ  ‘ਰੇਸੋਲ ਬੈਂਕ ਆਫ ਇੰਡੀਆ’ ਲਿਖਿਆ ਹੋਇਆ ਸੀ।

ਸ਼ਿਕਾਇਤ ਮੁਤਾਬਕ ਠੱਕਰ ਨੂੰ ਇਕ ਜਾਣਕਾਰ ਅਤੇ ਗਹਿਣਿਆਂ ਦੀ ਦੁਕਾਨ ਦੇ ਮਾਲਕ ਪ੍ਰਸ਼ਾਂਤ ਪਟੇਲ ਦਾ ਫੋਨ ਆਇਆ। ਪਟੇਲ ਨੇ 2.1 ਕਿਲੋ ਸੋਨਾ ਖਰੀਦਣ ਦੀ ਪੇਸ਼ਕਸ਼ ਕੀਤੀ, ਜਿਸ ਲਈ 1.60 ਕਰੋੜ ਰੁਪਏ ਤੈਅ ਕੀਤੇ ਗਏ ਸਨ। ਠੱਕਰ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋਣ ਜਾ ਰਿਹਾ ਹੈ।

ਠੱਕਰ ਨੇ 24 ਸਤੰਬਰ ਨੂੰ ਅਪਣੇ  ਸਟਾਫ ਨੂੰ ‘ਅੰਗੜੀਆ ਪੇਧੀ’ (ਹਵਾਲਾ) ਦਫ਼ਤਰ ’ਚ ਪਟੇਲ ਨਾਲ ਮਿਲਣ ਦਾ ਹੁਕਮ ਦਿਤਾ ਸੀ। ਜਦੋਂ ਕਰਮਚਾਰੀ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਤਿੰਨ ਵਿਅਕਤੀ ਮਿਲੇ ਜਿਨ੍ਹਾਂ ਨੇ ਉਨ੍ਹਾਂ ਨੂੰ 500 ਰੁਪਏ ਦੇ ਨੋਟਾਂ ਦੇ ਬੰਡਲ ਦਿਤੇ।

ਤਿੰਨਾਂ ਆਦਮੀਆਂ ਨੇ ਮਜ਼ਦੂਰਾਂ ਨੂੰ ਮਸ਼ੀਨ ਪ੍ਰਦਾਨ ਕੀਤੀ ਅਤੇ ਉਨ੍ਹਾਂ ਨੂੰ ‘ਪੈਸੇ’ ਗਿਣਨ ਲਈ ਕਿਹਾ। ਫਿਰ ਉਨ੍ਹਾਂ ਵਿਚੋਂ ਦੋ ਬਾਕੀ 30 ਲੱਖ ਰੁਪਏ ਲਿਆਉਣ ਦੇ ਬਹਾਨੇ ਸੋਨੇ ਦੇ ਬਿਸਕੁਟ ਲੈ ਕੇ ਚਲੇ ਗਏ, ਜਦਕਿ  ਤੀਜਾ ਵਿਅਕਤੀ ਉਥੇ ਹੀ ਰੁਕ ਗਿਆ।

ਸ਼ਿਕਾਇਤ ਮੁਤਾਬਕ ਜਦੋਂ ਠੱਕਰ ਦੇ ਸਟਾਫ ਨੇ ਗਿਣਤੀ ਲਈ ਪਲਾਸਟਿਕ ਦੀ ਫੋਇਲ ’ਚੋਂ ਨੋਟ ਕੱਢੇ ਤਾਂ ਉਨ੍ਹਾਂ ਨੂੰ ਨੋਟ ਨਕਲੀ ਮਿਲੇ, ਜਿਸ ਤੋਂ ਬਾਅਦ ਉਨ੍ਹਾਂ ਨੇ ਤੀਜੇ ਵਿਅਕਤੀ ਤੋਂ ਪੁੱਛ-ਪੜਤਾਲ  ਕੀਤੀ। ਸ਼ਿਕਾਇਤ ਮੁਤਾਬਕ ਤੀਜੇ ਵਿਅਕਤੀ ਨੇ ਉਨ੍ਹਾਂ ਨੂੰ ਦਸਿਆ  ਕਿ ਉਹ ‘ਅੰਗੜੀਆ ਪੇੜੀ’ ਲਈ ਨੋਟ ਗਿਣਨ ਵਾਲੀ ਮਸ਼ੀਨ ਦੇਣ ਆਇਆ ਸੀ।

ਸ਼ਿਕਾਇਤ ਮੁਤਾਬਕ ਬਾਅਦ ’ਚ ਇਹ ਵੀ ਪਤਾ ਲੱਗਾ ਕਿ ਮੁਲਜ਼ਮ ਨੇ ਘਟਨਾ ਤੋਂ ਦੋ ਦਿਨ ਪਹਿਲਾਂ ਅੰਗੜੀਆ ਦਫਤਰ ਖੋਲ੍ਹਿਆ ਸੀ। ਇਸ ਤੋਂ ਬਾਅਦ ਦੋ ਅਣਪਛਾਤੇ ਸ਼ੱਕੀਆਂ ਵਿਰੁਧ  ਐਫ.ਆਈ.ਆਰ.  ਦਰਜ ਕੀਤੀ ਗਈ ਹੈ ਅਤੇ ਪੁਲਿਸ ਨੇ ਇਸ ਅਸਧਾਰਨ ਧੋਖਾਧੜੀ ’ਚ ਸ਼ਾਮਲ ਦੋਸ਼ੀਆਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿਤੀ  ਹੈ।