Supreme Court : ‘ਇਹ ਯਾ-ਯਾ ਕੀ ਹੈ? ਇਹ ਕੋਈ ਕੌਫੀ ਦੀ ਦੁਕਾਨ ਨਹੀਂ’, ਪਟੀਸ਼ਨਕਰਤਾ ਤੋਂ ਖਿਝੇ ਚੀਫ ਜਸਟਿਸ
ਸੁਪਰੀਮ ਕੋਰਟ ਨੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਵਿਰੁਧ ਜਾਂਚ ਦੀ ਮੰਗ ਵਾਲੀ ਪਟੀਸ਼ਨ ’ਤੇ ਨਾਰਾਜ਼ਗੀ ਜ਼ਾਹਰ ਕੀਤੀ
Supreme Court : ਭਾਰਤ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਸੋਮਵਾਰ ਨੂੰ ਇਕ ਮਾਮਲੇ ਦੀ ਸੁਣਵਾਈ ਦੌਰਾਨ ਜਨਹਿੱਤ ਪਟੀਸ਼ਨ ਦਾਇਰ ਕਰਨ ਵਾਲੇ ਇਕ ਮੁਕੱਦਮੇਬਾਜ਼ ਦੇ ਲਹਿਜੇ ’ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਪੁਛਿਆ ਕਿ ਇਹ ‘ਯਾ-ਯਾ’ ਕੀ ਹੈ।
ਸੁਪਰੀਮ ਕੋਰਟ ’ਚ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਭਾਰਤ ਦੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਨੂੰ ਇਕ ਜਨਹਿੱਤ ਪਟੀਸ਼ਨ ’ਚ ਧਿਰ ਬਣਾਉਣ ਅਤੇ ਸੇਵਾ ਵਿਵਾਦ ਨਾਲ ਸਬੰਧਤ ਅਪੀਲ ਨੂੰ ਖ਼ਾਰਜ ਕਰਨ ਬਾਰੇ ਮਾਮਲੇ ’ਚ ਉਨ੍ਹਾਂ ਵਿਰੁਧ ਅੰਦਰੂਨੀ ਜਾਂਚ ਦੀ ਮੰਗ ਕੀਤੇ ਜਾਣ ਨਾਲ ਜੁੜ ਪਟੀਸ਼ਨ ’ਤੇ ਸੁਣਵਾਈ ਕੀਤੀ ਜਾ ਰਹੀ ਸੀ।
ਸੁਣਵਾਈ ਦੀ ਸ਼ੁਰੂਆਤ ’ਚ ਚੀਫ ਜਸਟਿਸ (ਸੀ.ਜੇ.ਆਈ.) ਨੇ ਉਸ ਸਮੇਂ ਨਾਰਾਜ਼ਗੀ ਜ਼ਾਹਰ ਕੀਤੀ ਜਦੋਂ ਸ਼ਿਕਾਇਤਕਰਤਾ ਨੇ ਬੈਂਚ ਦੇ ਕੁੱਝ ਸਵਾਲਾਂ ਦੇ ਜਵਾਬ ’ਚ ‘ਹਾਂ’ ਦੀ ਬਜਾਏ ‘ਯਾ-ਯਾ’ ਕਿਹਾ।
ਜਸਟਿਸ ਚੰਦਰਚੂੜ ਨੇ ਕਿਹਾ, ‘‘ਇਹ ‘ਯਾ-ਯਾ’ ਕੀ ਹੈ, ਇਹ ਕੌਫੀ ਦੀ ਦੁਕਾਨ ਨਹੀਂ ਹੈ। ਮੈਨੂੰ ਇਸ ‘ਯਾ-ਯਾ’ ਤੋਂ ਬਹੁਤ ਐਲਰਜੀ ਹੈ। ਇਸ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ।’’
ਚੀਫ ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਪੁਣੇ ਸਥਿਤ ਸ਼ਿਕਾਇਤਕਰਤਾ ਨੂੰ ਕਿਹਾ, ‘‘ਤੁਸੀਂ ਕਿਸੇ ਜੱਜ ਨੂੰ ਜਵਾਬਦੇਹ ਬਣਾ ਕੇ ਜਨਹਿੱਤ ਪਟੀਸ਼ਨ ਕਿਵੇਂ ਦਾਇਰ ਕਰ ਸਕਦੇ ਹੋ, ਕੁੱਝ ਸਨਮਾਨ ਹੋਣਾ ਚਾਹੀਦਾ ਹੈ। ਤੁਸੀਂ ਸਿਰਫ ਇਹ ਨਹੀਂ ਕਹਿ ਸਕਦੇ ਕਿ ਮੈਂ ਕਿਸੇ ਜੱਜ ਦੇ ਵਿਰੁਧ ਅੰਦਰੂਨੀ ਜਾਂਚ ਚਾਹੁੰਦਾ ਹਾਂ। ਜਸਟਿਸ ਰੰਜਨ ਗੋਗੋਈ ਸੁਪਰੀਮ ਕੋਰਟ ਦੇ ਜੱਜ ਰਹਿ ਚੁਕੇ ਹਨ।’’
ਉਨ੍ਹਾਂ ਕਿਹਾ, ‘‘ਗੋਗੋਈ ਭਾਰਤ ਦੇ ਚੀਫ ਜਸਟਿਸ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਸਿਰਫ ਇਸ ਲਈ ਕਿ ਤੁਸੀਂ ਬੈਂਚ ਦੇ ਸਾਹਮਣੇ ਸਫਲ ਨਹੀਂ ਹੋਏ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਕਿਸੇ ਜੱਜ ਦੇ ਵਿਰੁਧ ਅੰਦਰੂਨੀ ਜਾਂਚ ਚਾਹੁੰਦਾ ਹਾਂ। ਮਾਫ਼ ਕਰਨਾ, ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ।’’
ਜਸਟਿਸ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਕਿਰਤ ਕਾਨੂੰਨਾਂ ਤਹਿਤ ਉਸ ਦੀ ਸੇਵਾ ਖਤਮ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿਤੀ ਸੀ, ਜਿਸ ਤੋਂ ਬਾਅਦ ਪਟੀਸ਼ਨਕਰਤਾ ਨੇ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਗੋਗੋਈ ਸੇਵਾਮੁਕਤ ਹੋ ਚੁਕੇ ਹਨ।