ਮੁਸਲਿਮ ਆਬਾਦੀ ਵਧ ਰਹੀ ਹੈ, 2027 ’ਚ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦੇਵਾਂਗੇ : ਸਪਾ ਵਿਧਾਇਕ
ਮਹਿਬੂਬ ਅਲੀ ਦੀ ਟਿੱਪਣੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਬਿਜਨੌਰ: ਸਮਾਜਵਾਦੀ ਪਾਰਟੀ ਦੇ ਵਿਧਾਇਕ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਮਹਿਬੂਬ ਅਲੀ ਨੇ ਕਿਹਾ ਹੈ ਕਿ ਮੁਸਲਿਮ ਆਬਾਦੀ ਵਧਣ ਕਾਰਨ ਭਾਰਤੀ ਜਨਤਾ ਪਾਰਟੀ (ਭਾਜਪਾ) 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੱਤਾ ਤੋਂ ਬਾਹਰ ਹੋ ਜਾਵੇਗੀ। ਇਸ ਮਾਮਲੇ ’ਚ ਵਿਧਾਇਕ ਮਹਿਬੂਬ ਅਲੀ ਅਤੇ ਬਿਜਨੌਰ ਤੋਂ ਸਪਾ ਦੇ ਜ਼ਿਲ੍ਹਾ ਪ੍ਰਧਾਨ ਸ਼ੇਖ ਜ਼ਾਕਿਰ ਹੁਸੈਨ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਅਮਰੋਹਾ ਤੋਂ ਛੇਵੀਂ ਵਾਰ ਵਿਧਾਇਕ ਬਣੇ 72 ਸਾਲ ਦੇ ਮਹਿਬੂਬ ਅਲੀ ਨੇ ਐਤਵਾਰ ਨੂੰ ਬਿਜਨੌਰ ’ਚ ਸੰਵਿਧਾਨ ਮਾਨ ਸਤੰਭ ਸਥਾਪਨਾ ਪ੍ਰੋਗਰਾਮ ’ਚ ਇਹ ਟਿਪਣੀ ਕੀਤੀ। ਉਨ੍ਹਾਂ ਦਾ ਇਕ ਵੀਡੀਉ ਵੀ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਉ ’ਚ ਅਲੀ ਇਹ ਕਹਿੰਦੇ ਨਜ਼ਰ ਆ ਰਹੇ ਹਨ, ‘‘ਹੁਣ ਫੀ ਸਦੀ ਵਧ ਰਿਹਾ ਹੈ। ਸਮਝ ਲਓ ਕਿ ਹੁਣ ਤੁਹਾਡਾ ਰਾਜ ਖਤਮ ਹੋ ਜਾਵੇਗਾ। ਮੁਸਲਮਾਨਾਂ ਦੀ ਆਬਾਦੀ ਵੱਧ ਰਹੀ ਹੈ। ਅਤੇ ਇਸ ਤੋਂ ਬਾਅਦ (ਸਪਾ) ਸੱਤਾ ’ਚ ਆਵੇਗੀ।’’ ਵੀਡੀਉ ਦੇ ਅਨੁਸਾਰ, ਉਨ੍ਹਾਂ ਕਿਹਾ, ‘‘ਅੱਜ ਦੇਸ਼ ਨੂੰ ਚਲਾਉਣ ਵਾਲਿਆਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਭਾਰਤ ਦੇ ਲੋਕ ਜਾਗ ਚੁਕੇ ਹਨ। ਉਨ੍ਹਾਂ ਨੇ ਸੰਸਦ (ਪਿਛਲੀਆਂ ਲੋਕ ਸਭਾ ਚੋਣਾਂ) ’ਚ ਵੀ ਜਵਾਬ ਦਿਤਾ ਹੈ। ਆਉਣ ਵਾਲੇ ਸਮੇਂ ’ਚ ਤੁਸੀਂ (ਭਾਜਪਾ) 2027 ’ਚ ਜ਼ਰੂਰ ਜਾਓਗੇ।’’
ਇਸ ਦੌਰਾਨ ਵਿਧਾਇਕ ਮਹਿਬੂਬ ਅਲੀ ਅਤੇ ਬਿਜਨੌਰ ਤੋਂ ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੇਖ ਜ਼ਾਕਿਰ ਹੁਸੈਨ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ।ਸਰਕਲ ਅਫਸਰ ਸੰਗਰਾਮ ਸਿੰਘ ਨੇ ਦਸਿਆ ਕਿ ਸੋਮਵਾਰ ਨੂੰ ਵਾਇਰਲ ਹੋਏ ਸਪਾ ਨੇਤਾ ਮਹਿਬੂਬ ਅਲੀ ਦੇ ਵੀਡੀਉ ’ਚ ਇਤਰਾਜ਼ਯੋਗ ਟਿਪਣੀਆਂ ਕੀਤੀਆਂ ਗਈਆਂ ਹਨ। ਇਸ ਮਾਮਲੇ ’ਚ ਸਬ-ਇੰਸਪੈਕਟਰ ਸੰਜੀਵ ਕੁਮਾਰ ਦੀ ਸ਼ਿਕਾਇਤ ’ਤੇ ਬਿਜਨੌਰ ਕੋਤਵਾਲੀ ’ਚ ਸਬੰਧਤ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਤਹਿਰੀਰ ਵਿਚ ਦੋਸ਼ ਲਾਇਆ ਗਿਆ ਹੈ ਕਿ ਮਹਿਬੂਬ ਅਲੀ ਨੇ ਹਿੰਦੂ ਅਤੇ ਮੁਸਲਿਮ ਧਰਮਾਂ ਦੇ ਲੋਕਾਂ ਵਿਚਾਲੇ ਦੁਸ਼ਮਣੀ ਫੈਲਾਉਣ ਅਤੇ ਨਫ਼ਰਤ ਪੈਦਾ ਕਰਨ ਲਈ ਭਾਸ਼ਣ ਦਿਤੇ ਹਨ। ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੇਖ ਜ਼ਾਕਿਰ ਹੁਸੈਨ ਨੇ ਵੀ ਇਸ ਮਾਮਲੇ ਵਿਚ ਅਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਇਸ ਲਈ ਦੋਹਾਂ ਵਿਰੁਧ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਭਾਜਪਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰ ਦਿਤਾ ਸੀ। ਇਸ ਤੋਂ ਬਾਅਦ ਭਾਜਪਾ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਅਪਣੀ ਸੱਤਾ ਬਰਕਰਾਰ ਰੱਖਣ ’ਚ ਕਾਮਯਾਬ ਰਹੀ। ਰਾਜ ’ਚ ਅਗਲੀਆਂ ਵਿਧਾਨ ਸਭਾ ਚੋਣਾਂ ਸਾਲ 2027 ’ਚ ਹੋਣੀਆਂ ਹਨ।