Tamil Nadu stampede: ਵਿਜੇ ਦੀ ਪਾਰਟੀ ਦਾ ਜ਼ਿਲ੍ਹਾ ਸਕੱਤਰ ਗ੍ਰਿਫ਼ਤਾਰ, ਰੋਡ ਸ਼ੋਅ ਦੀ ਨਹੀਂ ਲਈ ਗਈ ਸੀ ਇਜਾਜ਼ਤ
Tamil Nadu stampede: ਐਫਆਈਆਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਅਦਾਕਾਰ ਜਾਣਬੁੱਝ ਕੇ ਰੋਡ ਸ਼ੋਅ ਵਿਚ ਦੇਰ ਨਾਲ ਪਹੁੰਚਿਆ
Tamil Nadu stampede News in punjabi : ਤਾਮਿਲਨਾਡੂ ਦੇ ਕਰੂਰ ਵਿੱਚ 27 ਸਤੰਬਰ ਨੂੰ ਅਦਾਕਾਰ ਵਿਜੇ ਦੀ ਰੈਲੀ ਵਿੱਚ ਹੋਈ ਭਗਦੜ ਦੇ ਮਾਮਲੇ ਵਿੱਚ ਪੁਲਿਸ ਨੇ ਟੀਵੀਕੇ ਦੇ ਜ਼ਿਲ੍ਹਾ ਸਕੱਤਰ ਵੀਪੀ ਮਥਿਆਲਾਗਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ, ਉਸ ਦੇ ਨਾਲ ਹੀ ਸੂਬਾ ਜਨਰਲ ਸਕੱਤਰ ਬਸੀ ਆਨੰਦ ਅਤੇ ਡਿਪਟੀ ਜਨਰਲ ਸਕੱਤਰ ਨਿਰਮਲ ਕੁਮਾਰ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਪੁਲਿਸ ਨੇ ਐਫਆਈਆਰ ਵਿੱਚ ਅਦਾਕਾਰ ਵਿਰੁੱਧ ਗੰਭੀਰ ਦੋਸ਼ ਲਗਾਏ ਹਨ। ਪੁਲਿਸ ਦੇ ਅਨੁਸਾਰ, ਵਿਜੇ ਜਾਣਬੁੱਝ ਕੇ ਵੱਡੀ ਭੀੜ ਨੂੰ ਆਕਰਸ਼ਿਤ ਕਰਨ ਲਈ ਰੈਲੀ ਵਿੱਚ ਦੇਰ ਨਾਲ ਪਹੁੰਚਿਆ। ਐਫਆਈਆਰ ਦੀ ਕਾਪੀ ਵਿੱਚ ਕਿਹਾ ਗਿਆ ਹੈ: ਵਿਜੇ ਦੇ ਰੋਡ ਸ਼ੋਅ ਦੌਰਾਨ ਵੱਡੀ ਭੀੜ ਨੂੰ ਦੇਖਦਿਆਂ ਕਰੂਰ ਵਿਚ ਦਾਖ਼ਲ ਹੋਣ ਵਿੱਚ ਚਾਰ ਘੰਟੇ ਦੀ ਦੇਰੀ ਹੋਈ। ਉਸਦੇ ਸਮਰਥਕ ਦੁਪਹਿਰ 1 ਵਜੇ ਤੋਂ ਧੁੱਪ ਵਿੱਚ ਸੜਕ 'ਤੇ ਖੜ੍ਹੇ ਸਨ। ਇਸ ਤੋਂ ਇਲਾਵਾ, ਉਸ ਨੇ ਬਿਨਾਂ ਇਜਾਜ਼ਤ ਦੇ ਰੋਡ ਸ਼ੋਅ ਕੀਤਾ। ਇਸ ਨਾਲ ਸਥਿਤੀ ਹੋਰ ਵਿਗੜ ਗਈ ਅਤੇ ਜਾਨਾਂ ਗਈਆਂ।
27 ਸਤੰਬਰ ਦੀ ਸ਼ਾਮ ਨੂੰ ਤਾਮਿਲ ਅਦਾਕਾਰ ਵਿਜੇ ਦੀ ਰਾਜਨੀਤਿਕ ਪਾਰਟੀ, ਟੀਵੀਕੇ ਲਈ ਇੱਕ ਚੋਣ ਰੈਲੀ ਵਿੱਚ ਭਗਦੜ ਮਚ ਗਈ। ਇਸ ਭਗਦੜ ਵਿਚ 41 ਲੋਕ ਮਾਰੇ ਗਏ, ਜਿਨ੍ਹਾਂ ਵਿੱਚ 18 ਔਰਤਾਂ, 13 ਪੁਰਸ਼ ਅਤੇ 10 ਬੱਚੇ ਸ਼ਾਮਲ ਸਨ। 95 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ 51 ਨੂੰ ਆਈ.ਸੀ.ਯੂ. ਵਿੱਚ ਦਾਖਲ ਕਰਵਾਇਆ ਗਿਆ।
ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਵਿਜੇ ਸ਼ਾਮ 4:45 ਵਜੇ ਦੇ ਕਰੀਬ ਕਰੂਰ ਵਿੱਚ ਸੀ। ਹਾਲਾਂਕਿ, ਜਦੋਂ ਤੱਕ ਉਸਦਾ ਕਾਫਲਾ ਸ਼ਾਮ 7 ਵਜੇ ਰੈਲੀ ਵਾਲੀ ਥਾਂ 'ਤੇ ਪਹੁੰਚਿਆ, ਭੀੜ ਬੇਕਾਬੂ ਹੋ ਚੁੱਕੀ ਸੀ।