ਤੇਜ਼ਸ ਹੋਸਟੈਸ ਨਾਲ ਸੈਲਫ਼ੀ ਲੈਣ ਵਾਲਿਆਂ ਤੋਂ ਰੇਲਵੇ ਪ੍ਰੇਸ਼ਾਨ, ਬਣਾਇਆ ਨਵਾਂ ਪਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਈ.ਆਰ.ਸੀ.ਟੀ.ਸੀ. ਇਸ ਟਰੇਨ ਦਾ ਸੰਚਾਲਨ ਕਰ ਰਹੀ ਹੈ।

IRCTC created WhatsApp group for Tejas Express hostesses

ਨਵੀਂ ਦਿੱਲੀ : ਲਖਨਊ-ਨਵੀਂ ਅਤੇ ਦਿੱਲੀ-ਲਖਨਊ ਵਿਚਾਲੇ ਸ਼ੁਰੂ ਹੋਈ ਤੇਜ਼ਸ ਐਕਸਪ੍ਰੈਸ ਨੂੰ ਲਗਭਗ ਇਕ ਮਹੀਨਾ ਪੂਰਾ ਹੋਣ ਵਾਲਾ ਹੈ, ਪਰ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਟ੍ਰੇਨ ਦੀਆਂ ਕੈਬਿਨ ਹੋਸਟੈਸ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦੀ ਪ੍ਰੇਸ਼ਾਨੀ ਦੀ ਵਜ੍ਹਾ ਕੁਝ ਅਜਿਹੇ ਯਾਤਰੀ ਹਨ ਜੋ ਉਨ੍ਹਾਂ ਦੀਆਂ ਫ਼ੋਟੋਆਂ ਖਿੱਚਦੇ ਹਨ, ਵੀਡੀਓ ਬਣਾਉਂਦੇ ਹਨ ਅਤੇ ਇਸ ਕਰ ਕੇ ਉਹ ਅਸਹਿਜ਼ ਹੋ ਜਾਂਦੀਆਂ ਹਨ। ਕੈਬਿਨ ਹੋਸਟੈਸਾਂ ਦੀ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਰੇਲਵੇ ਅਤੇ ਆਈ.ਆਰ.ਸੀ.ਟੀ.ਸੀ. ਨੇ ਕੁਝ ਕਦਮ ਚੁੱਕੇ ਹਨ। ਆਈ.ਆਰ.ਸੀ.ਟੀ.ਸੀ. ਨੇ ਮਹਿਲਾ ਅਟੈਂਡੈਂਟਾਂ ਲਈ ਇਕ ਵਟਸਐਪ ਗਰੁੱਪ ਬਣਾਇਆ ਹੈ। ਕਿਸੇ ਪ੍ਰੇਸ਼ਾਨੀ 'ਚ ਫਸੇ ਹੋਣ 'ਤੇ ਉਹ ਇਸ ਦੀ ਵਰਤੋਂ ਕਰ ਸਕਦੀਆਂ ਹਨ। ਆਈ.ਆਰ.ਸੀ.ਟੀ.ਸੀ. ਇਸ ਟਰੇਨ ਦਾ ਸੰਚਾਲਨ ਕਰ ਰਹੀ ਹੈ।

ਆਈ.ਆਰ.ਸੀ.ਟੀ.ਸੀ. ਨੇ ਇਕ ਹੋਸਟੈਸ ਦੀ ਚਿਤਾਵਨੀ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਇਹ ਟਰੇਨ 4 ਅਕਤੂਬਰ ਤੋਂ ਲਖਨਊ ਤੋਂ ਦਿੱਲੀ ਵਿਚਕਾਰ ਚਾਲੂ ਕੀਤੀ ਗਈ ਹੈ। ਹਾਲਾਂਕਿ ਆਈ.ਆਰ.ਸੀ.ਟੀ.ਸੀ. ਨੇ ਦਾਅਵਾ ਕੀਤਾ ਹੈ ਕਿ ਟਰੇਨ 'ਚ ਡਿਊਟੀ ਕਰਨ ਵਾਲੀਆਂ ਮਹਿਲਾ ਹੋਸਟੈਸਾਂ ਵਲੋਂ ਹਾਲੇ ਤਕ ਕਿਸੇ ਤਰ੍ਹਾਂ ਦੀ ਛੇੜਛਾੜ ਦੀ ਸ਼ਿਕਾਇਤ ਨਹੀਂ ਕੀਤੀ ਗਈ ਹੈ ਪਰ ਭਵਿੱਖ 'ਚ ਅਜਿਹੀ ਕਿਸੇ ਘਟਨਾ ਤੋਂ ਬਚਣ ਲਈ ਇਹ ਕਦਮ ਚੁੱਕਿਆ ਗਿਆ ਹੈ। ਆਈ.ਆਰ.ਸੀ.ਟੀ.ਸੀ. ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਇਸ ਸਬੰਧ 'ਚ ਮੁਸਾਫ਼ਰਾਂ ਲਈ ਕੋਈ ਚਿਤਾਵਨੀ ਜਾਰੀ ਕੀਤੀ ਹੈ।

ਹਾਲ ਹੀ 'ਚ ਆਈ.ਆਰ.ਸੀ.ਟੀ.ਸੀ. ਦੇ ਐਚ.ਆਰ. ਅਤੇ ਐਡਮਿਨ ਡਿਪਾਰਟਮੈਂਟ ਨੇ ਤੇਜ਼ਸ 'ਚ ਚੱਲਣ ਵਾਲੀ ਮਹਿਲਾ ਸਟਾਫ਼ ਨਾਲ ਮੀਟਿੰਗ ਕੀਤੀ ਸੀ। ਇਸ ਮੀਟਿੰਗ 'ਚ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਦੇ ਇਨ੍ਹਾਂ ਹੋਸਟੈਸਾਂ ਨੂੰ ਕਿਸੇ ਯਾਤਰੀ ਵਲੋਂ ਪ੍ਰੇਸ਼ਾਨੀ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਆਦਿ ਤਾਂ ਨਹੀਂ ਹੋਇਆ।

ਜ਼ਿਕਰਯੋਗ ਹੈ ਕਿ ਤੇਜ਼ਸ ਐਕਸਪ੍ਰੈਸ 'ਚ ਹਵਾਈ ਯਾਤਰਾ ਜਿਹਾ ਅਨੁਭਵ ਦੇਣ ਲਈ ਮਹਿਲਾ ਅਟੈਂਡੈਂਟ ਹੋਸਟੈਸ ਵਜੋਂ ਤਾਇਨਾਤੀ ਕੀਤੀ ਗਈ ਹੈ। ਤੇਜ਼ਸ 'ਚ ਕੁਲ 45 ਹੋਸਟੈਸਾਂ ਹਨ। ਆਮ ਤੌਰ 'ਤੇ ਇਕ ਪਾਸੇ ਦੀ ਯਾਤਰਾ 'ਚ 24 ਹੋਸਟੈਸਾਂ ਮੌਜੂਦ ਰਹਿੰਦੀਆਂ ਹਨ। ਇਨ੍ਹਾਂ ਦਾ ਕੰਮ ਹਰੇਕ ਯਾਰਤੀ ਨੂੰ ਹਵਾਈ ਸੇਵਾ ਦੀ ਤਰ੍ਹਾਂ ਰੇਲ ਸਫ਼ਰ 'ਚ ਮਦਦ ਕਰਨਾ ਹੁੰਦਾ ਹੈ। ਖ਼ਬਰਾਂ ਮਿਲ ਰਹੀਆਂ ਸਨ ਕਿ ਰੇਲ ਯਾਤਰੀ ਇਨ੍ਹਾਂ ਹੋਸਟੈਸਾਂ ਨਾਲ ਸੈਲਫ਼ੀ, ਟਿਕਟੌਕ ਵੀਡੀਓ ਆਦਿ ਲੈਂਦੇ ਹਨ। ਕਈ ਯਾਤਰੀ ਤਾਂ ਹੋਸਟੈਸਾਂ ਤੋਂ ਮੋਬਾਈਲ ਨੰਬਰ ਮੰਗਣ ਤਕ ਦੀ ਜਿੱਦ ਕਰਦੇ ਹਨ।