ਚੀਨੀ ਸੈਨਾ ਨੂੰ ਮਿਲੇ ਵਿਸ਼ੇਸ਼ ਕੱਪੜੇ-ਜੁੱਤੇ, ਸਰਦੀਆਂ ਵਿਚ ਵੀ ਨਹੀਂ ਹਟਣਗੇ ਪਿੱਛੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਨ੍ਹਾਂ ਉਪਕਰਣਾਂ ਦੀ ਮਦਦ ਨਾਲ ਚੀਨੀ ਫੌਜ ਦੇ ਜਵਾਨ ਨਾ ਸਿਰਫ਼ ਆਉਣ ਵਾਲੀਆਂ ਸਰਦੀਆਂ ਦਾ ਮੁਕਾਬਲਾ ਕਰ ਸਕਣਗੇ, ਬਲਕਿ ਯੁੱਧ ਦੀਆਂ ਤਿਆਰੀਆਂ ਵੀ ਜਾਰੀ ਰਹਿਣਗੀਆਂ।

China Army

ਬੀਜਿੰਗ - ਚੀਨ ਚਾਹੇ ਭਾਰਤ ਨਾਲ ਸ਼ਾਂਤੀ ਵਾਰਤਾ ਕਰ ਰਿਹਾ ਹੈ, ਪਰ ਚੀਨੀ ਫੌਜ (ਪੀ.ਐਲ.ਏ.) ਨੇ ਸਰਦੀਆਂ ਵਿਚ ਵੀ ਲੱਦਾਖ ਤੋਂ ਪਿੱਛੇ ਨਾ ਹਟਣ ਲਈ ਪੂਰੀ ਤਿਆਰੀ ਕਰ ਲਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਜਿਨਪਿੰਗ ਸਰਕਾਰ ਨੇ ਲੱਦਾਖ ਅਤੇ ਇਸ ਤਰ੍ਹਾਂ ਦੇ ਉੱਚਾਈ ਵਾਲੇ ਖੇਤਰਾਂ ਲਈ ਸੈਨਿਕਾਂ ਨੂੰ ਵਿਸ਼ੇਸ਼ ਕੱਪੜੇ, ਜੁੱਤੇ ਅਤੇ ਟੈਂਟਾਂ ਸਮੇਤ ਹਾਈ-ਟੈਕ ਉਪਕਰਣ ਮੁਹੱਈਆ ਕਰਵਾ ਦਿੱਤੇ ਹਨ।

ਇਨ੍ਹਾਂ ਉਪਕਰਣਾਂ ਦੀ ਮਦਦ ਨਾਲ ਚੀਨੀ ਫੌਜ ਦੇ ਜਵਾਨ ਨਾ ਸਿਰਫ਼ ਆਉਣ ਵਾਲੀਆਂ ਸਰਦੀਆਂ ਦਾ ਮੁਕਾਬਲਾ ਕਰ ਸਕਣਗੇ, ਬਲਕਿ ਯੁੱਧ ਦੀਆਂ ਤਿਆਰੀਆਂ ਵੀ ਜਾਰੀ ਰਹਿਣਗੀਆਂ। ਚੀਨੀ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਵੂ ਕਿਯਾਨ ਨੇ ਵੀਰਵਾਰ ਨੂੰ ਕਿਹਾ ਕਿ ਚੀਨੀ ਸੈਨਾ ਦੇ ਜਵਾਨ ਜੋ ਉੱਚ ਖੇਤਰ ਵਿਚ ਤੈਨਾਤ ਹਨ, ਇਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਫੌਜ ਨੂੰ ਸਰਦੀਆਂ ਵਿਚ ਵੀ ਇਨ੍ਹਾਂ ਮੁਸ਼ਕਿਲ ਇਲਾਕਿਆਂ ਵਿਚ ਰਹਿਣਾ ਪੈ ਸਕਦਾ ਹੈ,

ਅਜਿਹੀ ਸਥਿਤੀ ਵਿਚ ਉਹਨਾਂ ਨੂੰ ਇਨ੍ਹਾਂ ਆਧੁਨਿਕ ਉਪਕਰਣਾਂ ਦੀ ਜ਼ਰੂਰਤ ਸੀ। ਇਹ ਮੰਨਿਆ ਜਾਂਦਾ ਹੈ ਕਿ ਚੀਨੀ ਕਮਿਊਨਿਟੀ ਪਾਰਟੀ ਦੇ ਸਪੱਸ਼ਟ ਨਿਰਦੇਸ਼ ਹਨ ਕਿ ਹੁਣ ਚੀਨੀ ਫੌਜ ਨੂੰ ਪੂਰਬੀ ਲੱਦਾਖ ਸਰਹੱਦ ਉੱਤੇ ਇੱਕ ਇੰਚ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਚੀਨੀ ਰੱਖਿਆ ਮੰਤਰਾਲੇ ਦੇ ਬਿਆਨ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਖਿੱਤੇ ਵਿੱਚ ਤਾਪਮਾਨ ਘਟਾਓ 40 ਡਿਗਰੀ ਦੇ ਬਾਅਦ ਵੀ ਚੀਨ ਆਪਣੀ ਫੌਜ ਨੂੰ ਪਿੱਛੇ ਨਹੀਂ ਹਟਾਏਗਾ।

ਕਰਨਲ ਵੂ ਨੇ ਇੱਕ ਆਨਲਾਈਨ ਬ੍ਰੀਫਿੰਗ ਵਿਚ ਕਿਹਾ ਕਿ ਰਹਿਣ ਸਹਿਣ ਦੇ ਮਾਮਲੇ ਵਿਚ, ਸੈਨਿਕਾਂ ਨੂੰ ਨਵੀਂ ਡਿਸਮਾਊਨਟੇਬਲ ਸੈਲਫ ਐਨਡਾਇਨਡ ਇਨਸੂਲੇਟਿਡ ਕੈਬਿਨ ਪ੍ਰਦਾਨ ਕੀਤੇ ਗਏ ਹਨ ਜਿਹਨਾਂ ਨੂੰ ਉਹ ਖ਼ੁਦ ਵੀ ਸਥਾਪਿਤ ਕਰ ਸਕਦੇ ਹਨ। ਕਰਨਲ ਵੂ ਨੇ ਦਾਅਵਾ ਕੀਤਾ ਕਿ ਇਨ੍ਹਾਂ ਆਧੁਨਿਕ ਕੈਬਿਨਾਂ ਦੇ ਅੰਦਰ ਦਾ ਤਾਪਮਾਨ ਪੰਜ ਹਜ਼ਾਰ ਮੀਟਰ ਦੀ ਉਚਾਈ 'ਤੇ ਘਟਾਓ 40 ਡਿਗਰੀ ਤਾਪਮਾਨ ਵਾਲੇ ਖੇਤਰਾਂ ਵਿਚ ਵੱਧ ਤੋਂ ਵੱਧ 15 ਡਿਗਰੀ ਰੱਖਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ, ਇਸ ਕੈਬਿਨ ਤੋਂ ਇਲਾਵਾ ਜਵਾਨਾਂ ਨੂੰ ਵੱਖਰਾ ਸਲੀਪਿੰਗ ਬੈਗ, ਡਾਊਨ ਟ੍ਰੇਨਿੰਗ ਕੋਟ ਅਤੇ ਕੋਲਡ ਪਰੂਫ ਬੂਟ ਵੀ ਪ੍ਰਦਾਨ ਕੀਤੇ ਗਏ ਹਨ। ਇਨ੍ਹਾਂ ਸਾਰਿਆਂ ਦੀ ਵਿਸ਼ੇਸ਼ਤਾ ਠੰਡ ਨੂੰ ਰੋਕਣਾ ਅਤੇ ਗਰਮੀ ਨੂੰ ਅੰਦਰ ਬਣਾਈ ਰੱਖਣਾ ਹੈ। ਇਹ ਸਭ ਵਿਸ਼ੇਸ਼ ਤੌਰ ਤੇ ਸਿਰਫ਼ ਉੱਚੇ ਠੰਡੇ ਪਹਾੜੀ ਖੇਤਰਾਂ ਲਈ ਤਿਆਰ ਕੀਤੇ ਗਏ ਹਨ।