ਗੋਆ 'ਚ ਬੋਲੇ ਰਾਹੁਲ ਗਾਂਧੀ, 'ਸਾਡੇ ਮੈਨੀਫੈਸਟੋ 'ਚ ਜੋ ਵੀ ਹੁੰਦਾ ਹੈ ਉਹ ਗਾਰੰਟੀ ਹੈ, ਵਾਅਦੇ ਨਹੀਂ'
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਕੀਤੀ ਤਿਆਰੀ ਸ਼ੁਰੂ
ਪਣਜੀ: ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਵੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਗੋਆ ਦੇ ਵੇਲਸਾਓ 'ਚ ਮਛੇਰੇ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਗੋਆ ਨੂੰ ਪ੍ਰਦੂਸ਼ਿਤ ਸਥਾਨ ਨਹੀਂ ਬਣਨ ਦੇਵਾਂਗੇ। ਅਸੀਂ ਇਸ ਸੂਬੇ ਨੂੰ ਕੋਲਾ ਹੱਬ ਨਹੀਂ ਬਣਨ ਦੇਵਾਂਗੇ। ਅਸੀਂ ਸਾਰਿਆਂ ਲਈ ਵਾਤਾਵਰਨ ਦੀ ਰੱਖਿਆ ਕਰ ਰਹੇ ਹਾਂ।
ਅਸੀਂ ਗਾਰੰਟੀ ਦਿੰਦੇ ਹਾਂ, ਵਾਅਦਾ ਨਹੀਂ
ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ 'ਚ ਜੋ ਵੀ ਹੋਵੇਗਾ, ਉਸ ਦੀ ਗਾਰੰਟੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਵਾਅਦੇ ਹੀ ਨਹੀਂ ਕਰਦੇ, ਉਨ੍ਹਾਂ ਨੂੰ ਪੂਰਾ ਵੀ ਕਰਦੇ ਹਾਂ। ਅਸੀਂ ਛੱਤੀਸਗੜ੍ਹ 'ਚ ਚੋਣਾਂ ਲੜੀਆਂ ਅਤੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਜੋ ਅਸੀਂ ਪੂਰਾ ਕੀਤਾ। ਤੁਸੀਂ ਪੰਜਾਬ ਅਤੇ ਕਰਨਾਟਕ ਵਿੱਚ ਜਾ ਕੇ ਵੀ ਇਸਦੀ ਪੁਸ਼ਟੀ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਅਸੀਂ ਮੈਨੀਫੈਸਟੋ ਵਿੱਚ ਗਾਰੰਟੀ ਦਿੰਦੇ ਹਾਂ।
ਰਾਹੁਲ ਗਾਂਧੀ ਨੇ ਵੀ ਮਹਿੰਗਾਈ 'ਤੇ ਭਾਜਪਾ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 140 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਸੀ। ਇਸ ਦੇ ਬਾਵਜੂਦ ਯੂਪੀਏ ਸਰਕਾਰ ਨੇ ਤੇਲ ਦੀਆਂ ਕੀਮਤਾਂ ਘੱਟ ਰੱਖੀਆਂ।
ਅੱਜ ਬਾਲਣ ਦੀਆਂ ਕੀਮਤਾਂ ਬਹੁਤ ਘੱਟ ਹਨ, ਫਿਰ ਵੀ ਤੁਸੀਂ ਲੋਕ ਇੰਨਾ ਭੁਗਤਾਨ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਦੁਨੀਆ ਵਿੱਚ ਸਭ ਤੋਂ ਵੱਧ ਈਂਧਨ 'ਤੇ ਟੈਕਸ ਲਗਾਇਆ ਜਾ ਰਿਹਾ ਹੈ। ਤੁਹਾਡੇ ਟੈਕਸ ਦੇ ਪੈਸੇ ਦਾ ਸਿੱਧਾ ਫਾਇਦਾ ਸਿਰਫ਼ ਚਾਰ ਤੋਂ ਪੰਜ ਉਦਯੋਗਪਤੀਆਂ ਨੂੰ ਹੋ ਰਿਹਾ ਹੈ।