ਸੜਕ ਹਾਦਸੇ 'ਚ ਨਵਜੰਮੇ ਬੱਚੇ ਤੇ ਉਸ ਦੀ ਮਾਂ ਸਮੇਤ 4 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋ ਕਾਰਾਂ ਦੀ ਆਪਸ 'ਚ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ

photo

 

ਬੂੰਦੀ:  ਰਾਜਸਥਾਨ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਸੂਬੇ ਦੇ ਬੂੰਦੀ ਜ਼ਿਲ੍ਹੇ 'ਚ ਇਕ ਨਵਜੰਮੇ ਬੱਚੇ ਨੇ ਦੁਨੀਆ 'ਚ ਪੈਰ ਰੱਖਿਆ ਹੀ ਸੀ ਕਿ ਘੰਟੇ ਬਾਅਦ ਉਸ ਦੀ ਮੌਤ ਹੋ ਗਈ। ਸੜਕ ਹਾਦਸੇ 'ਚ ਉਸ ਦੀ ਮਾਂ ਅਤੇ ਦਾਦੀ ਸਮੇਤ ਚਾਰ ਲੋਕਾਂ ਦੀ ਵੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਦੋ ਕਾਰਾਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਹਾਦਸੇ 'ਚ  ਨਵਜੰਮੇ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਚਾਰੇ ਲਾਸ਼ਾਂ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ। ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਪੁਲਿਸ ਮੁਤਾਬਕ ਇਹ ਹਾਦਸਾ ਬੂੰਦੀ ਜ਼ਿਲ੍ਹੇ ਦੇ ਹਿੰਡੌਲੀ ਥਾਣਾ ਖੇਤਰ 'ਚ ਸ਼ਨੀਵਾਰ ਰਾਤ ਕਰੀਬ 12.30 ਵਜੇ ਵਾਪਰਿਆ। ਉੱਥੇ ਨੈਸ਼ਨਲ ਹਾਈਵੇਅ ਨੰਬਰ 52 ਉਤੇ ਪਿੰਡ ਦੇਵਾਕਾਖੇੜਾ ਨੇੜੇ ਤੇਜ਼ ਰਫਤਾਰ ਨਾਲ ਆ ਰਹੀਆਂ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਕਾਰ ਦੇ ਡਰਾਈਵਰ ਸਮੇਤ ਦੋ ਔਰਤਾਂ ਤੇ ਇੱਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਸਥਾਨਕ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ।