ਗੁਜਰਾਤ 'ਚ ਟੁੱਟਿਆ ਕੇਬਲ ਬ੍ਰਿਜ, ਨਦੀ ਵਿੱਚ ਰੁੜੇ 400 ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲ ਨੂੰ ਹਾਲ ਹੀ ਵਿੱਚ ਮੁਰੰਮਤ ਤੋਂ ਬਾਅਦ ਕੀਤਾ ਗਿਆ ਸੀ ਚਾਲੂ

photo

 

ਅਹਿਮਾਦਾਬਾਦ: ਗੁਜਰਾਤ ਦੇ ਮੋਰਬੀ ਵਿੱਚ ਐਤਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਮੱਛੂ ਨਦੀ ਵਿੱਚ ਬਣੇ ਕੇਬਲ ਪੁਲ ਦੇ ਅਚਾਨਕ ਟੁੱਟਣ ਕਾਰਨ ਕਈ ਲੋਕ ਦਰਿਆ ਵਿੱਚ ਡਿੱਗ ਗਏ। ਲੋਕਾਂ ਨੂੰ ਨਦੀ 'ਚੋਂ ਕੱਢਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਪੁਲ ਨੂੰ ਹਾਲ ਹੀ ਵਿੱਚ ਮੁਰੰਮਤ ਤੋਂ ਬਾਅਦ ਚਾਲੂ ਕੀਤਾ ਗਿਆ ਸੀ।

ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪੁਲ ਦੇ ਡਿੱਗਣ ਕਾਰਨ ਕਿੰਨੇ ਲੋਕ ਦਰਿਆ 'ਚ ਡਿੱਗੇ ਹਨ ਪਰ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਪੁਲ 'ਤੇ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ। ਪੁਲਸ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਸਥਾਨਕ ਲੋਕ ਵੀ ਬਚਾਅ ਕਾਰਜ 'ਚ ਲੱਗੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਕੇਬਲ ਬ੍ਰਿਜ ਬਹੁਤ ਪੁਰਾਣਾ ਹੈ ਅਤੇ 5 ਦਿਨ ਪਹਿਲਾਂ ਹੀ ਇਸ ਨੂੰ ਨਵੀਨੀਕਰਨ ਤੋਂ ਬਾਅਦ ਚਾਲੂ ਕੀਤਾ ਗਿਆ ਸੀ। ਰੈਨੋਵੇਸ਼ਨ ਤੋਂ ਬਾਅਦ ਵੀ ਇੰਨੇ ਵੱਡੇ ਹਾਦਸੇ ਤੋਂ ਬਾਅਦ ਹੁਣ ਕਈ ਸਵਾਲ ਖੜ੍ਹੇ ਹੋ ਰਹੇ ਹਨ। ਹਾਦਸੇ ਤੋਂ ਬਾਅਦ ਕੇਬਲ ਬ੍ਰਿਜ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦੇਖਿਆ ਜਾ ਰਿਹਾ ਹੈ ਕਿ ਪੁਲ ਵਿਚਕਾਰੋਂ ਟੁੱਟ ਕੇ ਨਦੀ 'ਚ ਰੁੜ੍ਹ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਰਬੀ ਵਿੱਚ ਹੋਏ ਹਾਦਸੇ ਨੂੰ ਲੈ ਕੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨਾਲ ਗੱਲ ਕੀਤੀ। ਉਨ੍ਹਾਂ ਨੇ ਬਚਾਅ ਕਾਰਜਾਂ ਲਈ ਟੀਮਾਂ ਨੂੰ ਤੁਰੰਤ ਲਾਮਬੰਦ ਕਰਨ ਲਈ ਕਿਹਾ ਹੈ। ਪੀਐਮ ਮੋਦੀ ਨੇ ਸਥਿਤੀ 'ਤੇ ਨੇੜਿਓਂ ਅਤੇ ਲਗਾਤਾਰ ਨਜ਼ਰ ਰੱਖਣ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦੇਣ ਲਈ ਵੀ ਕਿਹਾ ਹੈ।