ਕਿਸਾਨਾਂ ਦੇ ਜੋਸ਼ ਸਾਹਮਣੇ ਢਹਿ-ਢੇਰੀ ਹੋਇਆ ਕੇਂਦਰ ਦਾ ਘੁਮੰਡ, ਬਿਨਾਂ ਸ਼ਰਤ ਗੱਲਬਾਤ ਲਈ ਤਿਆਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀਆਂ ਮੁਸ਼ਕਲਾਂ ਵਧਣੀਆਂ ਜਾਰੀ

Bjp Leadership

 ਨਵੀਂ ਦਿੱਲੀ : ਕਿਸਾਨੀ ਘੋਲ ਅਪਣੇ ‘ਦਿੱਲੀ ਜਿੱਤਣ ਮਿਸ਼ਨ’ ਵੱਲ ਲਗਾਤਾਰ ਅੱਗੇ ਵਧ ਰਿਹਾ ਹੈ। ਪਿਛਲੇ ਦੋ-ਢਾਈ ਮਹੀਨੇ ਤੋਂ ਕਿਸਾਨਾਂ ਨੂੰ ਅਣਗੌਲਿਆ ਕਰਦੇ ਆ ਰਹੇ ਭਾਜਪਾ ਆਗੂ ਕਿਸਾਨਾਂ ਦੇ ਲਾਮਬੰਦੀ ਤੇ ਚੜ੍ਹਦੀ ਕਲਾਂ ਤੋਂ ਪਸੀਨੋ-ਪਸੀਨੀ ਹੋਣ ਲੱਗੇ ਹਨ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਖ਼ਾਲਸਾਈ ਰੰਗ ’ਚ ਰੰਗੇ ਕਿਸਾਨੀ ਘੋਲ ਨੇ ਦਿੱਲੀ ਨੂੰ ਵੀ ਅਪਣੇ ਰੰਗ ਵਿਚ ਰੰਗ ਲਿਆ ਹੈ। ਅੱਜ ਸਵੇਰ ਤੋਂ ਹੀ ਗੁਰਬਾਣੀ ਕੀਰਤਨ ਤੋਂ ਬਾਅਦ ਚੱਲੀ ਲੰਗਰਾਂ ਦੀ ਲੜੀ ਨੇ ਕਿਸਾਨੀ ਸੰਘਰਸ਼ ਨੂੰ ਇਕ ਜੋੜ ਮੇਲੇ ਦਾ ਰੂਪ ਦੇ ਦਿਤਾ ਹੈ। ਪਿਛਲੇ ਪੰਜ ਦਿਨਾਂ ਤੋਂ ਦਿੱਲੀ ਡੇਰਾ ਜਮਾਈ ਬੈਠੇ ਕਿਸਾਨ ਅੱਜ ਅਲੱਗ ਹੀ ਜਲੋਅ ਅਤੇ ਜੋਸ਼ ਵਿਚ ਨਜ਼ਰੀ ਆਏ। ਦੂਜੇ ਪਾਸੇ ਵੱਡੇ ਵੱਡੇ ਆਯੋਜਨਾਂ ਜ਼ਰੀਏ ਲੋਕਾਂ ਦਾ ਧਿਆਨ ਵੰਡਣ ਦੀ ਕੋਸ਼ਿਸ਼ ’ਚ ਲੱਗੀ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੇ ਚਿਹਰਿਆਂ ’ਤੇ ਫ਼ਿਕਰ ਦੀ ਲਕੀਰਾ ਸਾਫ਼ ਦਿਸਣ ਲੱਗੀਆਂ ਹਨ। 

ਕੱਲ੍ਹ ਤਕ ਕਿਸਾਨਾਂ ਸਾਹਮਣੇ ਬੁਰਾੜੀ ਮੈਦਾਨ ਸਿਫ਼ਟ ਹੋਣ ਦੀ ਸ਼ਰਤ ਰੱਖਣ ਵਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਖੁਦ ਕਿਸਾਨ ਆਗੂਆਂ ਨਾਲ ਸੰਪਰਕ ਕਰ ਕੇ ਬਿਨਾਂ ਸ਼ਰਤ ਗੱਲਬਾਤ ਦਾ ਸੱਦਾ ਦਿਤਾ। ਇਸੇ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਕਿਸਾਨਾਂ ਸਮੇਤ ਹੋਰ ਧਿਰਾਂ ਦੇ ਦਿੱਲੀ ਵੱਲ ਆਉਣ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਕਿਸਾਨਾਂ ਨੂੰ ਮਿਲੇ ਹਰ ਵਰਗ ਦੇ ਸਾਥ ਨੇ ਭਾਜਪਾ ਆਗੂਆਂ ਦੀ ਹਾਲਤ ਪਤਲੀ ਕਰ ਦਿਤੀ ਹੈ। ਖ਼ਾਸ ਕਰ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਧਰਨਿਆਂ ’ਚ ਸ਼ਾਮਲ ਹਰਿਆਣਾ ਦੇ ਵੱਡੀ ਗਿਣਤੀ ਕਿਸਾਨ ਮੁੱਖ ਮੰਤਰੀ ਦੇ ਝੂਠ ਨੂੰ ਮੀਡੀਆ ਦੇ ਕੈਮਰਿਆਂ ਸਾਹਮਣੇ ਲਗਾਤਾਰ ਨੰਗਾ ਕਰ ਰਹੇ ਹਨ।

ਧਰਨੇ ’ਚ ਸ਼ਾਮਲ ਕਿਸਾਨਾਂ ਨੂੰ ਖ਼ਾਲਿਸਤਾਨੀ ਕਹਿਣ ਤੋਂ ਇਲਾਵਾ ਇਸ ਪਿਛੇ ਕੈਪਟਨ ਸਰਕਾਰ ਦਾ ਹੱਥ ਹੋਣ ਦੇ ਲਾਏ ਗਏ ਇਲਜਾਮ ਮੁੱਖ ਮੰਤਰੀ ਦੇ ਗਲੇ ਦੀ ਹੱਡੀ ਬਣਦੇ ਜਾ ਰਹੇ ਹਨ। ਹਰਿਆਣਾ ਦੀਆਂ 30 ਖਾਪ ਪੰਚਾਇਤਾਂ ਵਲੋਂ ਦਿੱਲੀ ਵੱਲ ਕੂਚ ਦੇ ਐਲਾਨ ਨੇ ਮੁੱਖ ਮੰਤਰੀ ਦੀ ਸਥਿਤੀ ਹੋਰ ਵੀ ਖ਼ਰਾਬ ਕਰ ਦਿਤੀ ਹੈ। ਲੋਕ ਸਵਾਲ ਉਠਾਉਣ ਲੱਗੇ ਹਨ ਕਿ ਕੀ ਹੁਣ ਖਾਪਾਂ ਨੇ ਖਾਲਿਸਤਾਨ ਪੱਖੀਆਂ ਦੀ ਹਮਾਇਤ ਕੀਤੀ ਹੈ? ਖਾਪਾਂ ਦਾ ਹਰਿਆਣਾ ਦੇ ਪਿੰਡਾਂ ਵਿਚ ਵੱਡਾ ਆਧਾਰ ਹੈ ਅਤੇ ਉਨ੍ਹਾਂ ਦਾ ਯੂਪੀ ਤੇ ਰਾਜਸਥਾਨ ਵਿਚ ਵੀ ਚੰਗਾ ਅਸਰ ਹੈ। ਖਾਪਾਂ ਦੇ ਪੂਰੇ ਲਾਮ-ਲਕਸ਼ਰ ਸਮੇਤ ਦਿੱਲੀ ਕੂਚ ਦੇ ਐਲਾਨ ਨਾਲ ਜਿੱਥੇ ਕਿਸਾਨੀ ਸੰਘਰਸ਼ ਨੂੰ ਵੱਡਾ ਹੁੰਲਾਰਾ ਮਿਲਣ ਦੀ ਆਸ ਹੈ ਉਥੇ ਹੀ ਮੁੱਖ ਮੰਤਰੀ ਖੱਟਰ ਦੀਆਂ ਮੁਸ਼ਕਲਾਂ ’ਚ ਹੋਰ ਵਾਧਾ ਹੋਣਾ ਵੀ ਤੈਅ ਹੈ।

ਬੀਤੇ ਕੱਲ੍ਹ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਸਾਰੇ ਬਾਰਡਰ ਸੀਲ ਕਰਨ ਦੇ ਐਲਾਨ ਕੀਤਾ ਸੀ। ਇਸ ਤੋਂ ਬਾਅਦ ਜਿੱਥੇ  ਉਤਰ ਪ੍ਰਦੇਸ਼ ਦੇ ਕਿਸਾਨਾਂ ਦਾ ਜਮਾਵੜਾ ਵਧਦਾ ਜਾ ਰਿਹਾ ਹੈ ਉਥੇ ਹੀ ਵੱਖ-ਵੱਖ ਰਸਤਿਆਂ ਜ਼ਰੀਏ ਕਿਸਾਨਾਂ ਦੇ ਦਿੱਲੀ ਦੇ ਅੰਦਰ ਤਕ ਪਹੁੰਚ ਜਾਣ ਦੀਆਂ ਕਨਸੋਆ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਾ ਦਿਤੀ ਹੈ। ਅੱਜ ਕਈ ਕਿਸਾਨਾਂ ਦੇ ਇੰਡੀਆ ਗੇਟ ਤਕ ਪਹੁੰਚ ਜਾਣ ਦੀ ਖ਼ਬਰ ਤੋਂ ਬਾਅਦ ਪੁਲਿਸ ਪ੍ਰਸ਼ਾਸਨ ’ਚ ਭਾਜੜ ਮਚ ਗਈ। ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਕੇ ਨਿਰੰਕਾਰੀ ਭਵਨ ਛੱਡਣ ਤੋਂ ਬਾਅਦ ਜੰਤਰ-ਮੰਤਰ, ਇੰਡੀਆ ਗੇਟ, ਵਿਜੇ ਚੌਕ, ਸੰਸਦ ਭਵਨ ਦੇ ਆਲੇ-ਦੁਆਲੇ ਸਖ਼ਤੀ ਵਧਾ ਦਿਤੀ ਹੈ।

ਇਸੇ ਤਰ੍ਹਾਂ ਸਿੰਘੂ ਬਾਰਡਰ ਵਲੋਂ ਵੀ ਕਿਸਾਨਾਂ ਨੇ ਦਿੱਲੀ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ਤੋਂ ਇਲਾਵਾ ਦਿੱਲੀ-ਗੁਰੂਗ੍ਰਾਮ, ਦਿੱਲੀ-ਫ਼ਰੀਦਾਬਾਦ, ਕਾਪਸਹੇੜਾ, ਢਾਂਸਾ, ਕਾਲਿੰਦੀਕੁੰਜ, ਮਿਯੂਰ ਵਿਹਾਰ-ਚਿੱਲਾ, ਡੀਐਨਡੀ, ਆਨੰਦ ਵਿਹਾਰ, ਨੌਇਡਾ-ਮਿਯੂਰ ਵਿਹਾਰ ਬਾਰਡਰ, ਸੀਮਾਪੁਰੀ, ਭੋਪੁਰਾ, ਲੋਨੀ ਸਮੇਤ ਦਿੱਲੀ ਦੇ ਬਾਕੀ ਬਾਰਡਰਾਂ ਉੱਤੇ ਵੀ ਸੁਰੱਖਿਆ ਵਧਾ ਦਿਤੀ ਹੈ। ਸੋਸ਼ਲ ਮੀਡੀਆ ’ਚ ਚੱਲ ਰਹੀਆਂ ਅਪੁਸ਼ਟ ਖ਼ਬਰਾਂ ਮੁਤਾਬਕ ਸੁਰੱਖਿਆ ਦਸਤੇ ਵੀ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਤੋਂ ਪ੍ਰੇਸ਼ਾਨ ਹਨ ਅਤੇ ਉਹ ਕਿਸਾਨੀ ਮਸਲੇ ਦਾ ਸ਼ਾਂਤਮਈ ਹੱਲ ਨਿਕਲਣ ਦੇ ਹਾਮੀ ਹਨ।