ਮੋਦੀ ਦੀ ਸੁਰੱਖਿਆ 'ਚ ਤੈਨਾਤ ਹੋਵੇਗਾ 'ਡ੍ਰੋਨ ਕਿੱਲਰ', ਹਰ ਕਾਫ਼ਲੇ 'ਚ ਹੋਵੇਗਾ ਮੌਜੂਦ
ਡਰੋਨ ਕਿਲਰ ਦੇ ਨਾਂ ਨਾਲ ਪ੍ਰਸਿੱਧ ਐਂਟੀ-ਡਰੋਨ ਸਿਸਟਮ ਭਾਰਤ ਵਿਚ ਹੀ ਵਿਕਸਿਤ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ - ਭਾਰਤੀ ਸਰਹੱਦਾਂ ਦੀ ਰਾਖੀ ਲਈ ਤੈਨਾਤ ਜਵਾਨਾਂ ਦੀ ਮਦਦ ਲਈ ਤਿਆਰ ਕੀਤੇ ਜਾ ਰਹੇ ਐਂਟੀ-ਡਰੋਨ ਸਿਸਟਮ ਨੂੰ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਲਈ ਵੀ ਵਰਤਿਆ ਜਾਵੇਗਾ। ਦੁਸ਼ਮਣ ਦੇ ਕਿਸੇ ਵੀ ਡਰੋਨ ਨੂੰ ਅੱਖ ਝਪਕਦਿਆਂ ਹੀ ਮਾਰ ਸੁੱਟਣ ਵਾਲੀ ਇਸ ਪ੍ਰਣਾਲੀ ਨੂੰ ਪ੍ਰਧਾਨ ਮੰਤਰੀ ਦੇ ਸੁਰੱਖਿਆ ਦਸਤੇ ਵਿਚ ਸ਼ਾਮਲ ਕੀਤਾ ਜਾਵੇਗਾ।
ਇਸੇ ਲੜੀ ਵਿਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਵਲੋਂ ਭਾਰਤ ਇਲੈਕਟ੍ਰਾਨਿਕਸ ਨੂੰ ਹਥਿਆਰਬੰਦ ਫੋਰਸਾਂ ਨੂੰ ਬਹੁਤ ਜ਼ਰੂਰੀ ਡਰੋਨ ਪ੍ਰਣਾਲੀ ਦੇ ਵਿਕਾਸ ਅਤੇ ਉਤਪਾਦਨ ਲਈ ਅਗਾਹਵਧੂ ਏਜੰਸੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਡਰੋਨ ਕਿਲਰ ਦੇ ਨਾਂ ਨਾਲ ਪ੍ਰਸਿੱਧ ਐਂਟੀ-ਡਰੋਨ ਸਿਸਟਮ ਭਾਰਤ ਵਿਚ ਹੀ ਵਿਕਸਿਤ ਕੀਤਾ ਜਾ ਰਿਹਾ ਹੈ।
ਇਸ ਤਕਨੀਕ ਉੱਤੇ ਡੀ.ਆਰ.ਡੀ.ਓ. ਦੇ ਨਾਲ-ਨਾਲ ਕਈ ਪ੍ਰਾਈਵੇਟ ਕੰਪਨੀਆਂ ਵੀ ਕੰਮ ਕਰ ਰਹੀਆਂ ਹਨ। ਇਕ ਰਿਪੋਰਟ ਮੁਤਾਬਕ ਇਸ ਸਾਲ ਦੇ ਸ਼ੁਰੂ ਤੋਂ ਹੀ ਪ੍ਰਧਾਨ ਮੰਤਰੀ ਉੱਤੇ ਡਰੋਨ ਦਾ ਖਤਰਾ ਬਣਿਆ ਹੋਇਆ ਹੈ। ਪੀ. ਐੱਮ. ਦੀ ਸੁਰੱਖਿਆ ਲਈ ਡਰੋਨ ਦੇ ਹਮਲੇ ਨੂੰ ਨਾਕਾਮ ਕਰਨ ਵਾਲੇ ਅਜਿਹੇ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨੂੰ ਉਨ੍ਹਾਂ ਦੀ ਯਾਤਰਾ ਦੌਰਾਨ ਵੀ ਵਰਤਿਆ ਜਾ ਸਕੇਗਾ।