ਅੱਜ ਵਾਰਾਨਸੀ ਦਾ ਦੌਰਾ ਕਰਨਗੇ PM ਮੋਦੀ, 6 ਲੇਨ ਹਾਈਵੇਅ ਦਾ ਕਰਨਗੇ ਉਦਘਾਟਨ
ਪੀਐਮ ਮੋਦੀ ਸਾਰਨਾਥ ਪੁਰਾਤੱਤਵ ਕੰਪਲੈਕਸ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਵੀ ਦੇਖਣਗੇ।
ਲਖਨਊ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਇੱਕ ਦਿਨ ਦੇ ਦੌਰੇ ‘ਤੇ ਆਪਣੇ ਲੋਕ ਸਭਾ ਹਲਕੇ ਵਾਰਾਣਸੀ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਰਾਸ਼ਟਰੀ ਰਾਜ ਮਾਰਗ ਨੰਬਰ -2 (ਐਨ.ਐਚ.-2) ਦੇ ਹੰਡਿਆ-ਰਾਜਾ ਤਲਾਬ ਭਾਗ ਦੇ ਛੇ ਲੇਨ ਹਾਈਵੇਅ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਸ਼ੀ ਵਿਸ਼ਵਨਾਥ ਮੰਦਰ ਧਾਮ ਪ੍ਰਾਜੈਕਟ ਸਾਈਟ ਦਾ ਵੀ ਦੌਰਾ ਕਰਨਗੇ।
ਪ੍ਰਧਾਨਮੰਤਰੀ ਰਾਜਘਾਟ, ਵਾਰਾਣਸੀ ਵਿਖੇ ਆਯੋਜਿਤ ‘ਦੇਵ ਦੀਪਾਲੀ ਮਹਾਂਉਤਸਵ’ ਵਿਚ ਸ਼ਾਮਲ ਹੋਣਗੇ ਅਤੇ ਇਕ ਲੇਜ਼ਰ ਸ਼ੋਅ ਦਾ ਵੀ ਆਨੰਦ ਲੈਣਗੇ ਨਾਲ ਹੀ, ਪੀਐਮ ਮੋਦੀ ਸਾਰਨਾਥ ਪੁਰਾਤੱਤਵ ਕੰਪਲੈਕਸ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਵੀ ਦੇਖਣਗੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪ੍ਰਧਾਨ ਮੰਤਰੀ ਦੇ ਸਾਰੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਗੇ।
ਪੀਐਮ ਮੋਦੀ ਖਜੂਰੀ ਵਿਚ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਡੋਮਰੀ ਪਹੁੰਚਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਇਕ ਕਰੂਜ਼ 'ਤੇ ਸਵਾਰ ਹੋ ਕੇ ਰਾਜਘਾਟ ਪਹੁੰਚਣਗੇ। ਪ੍ਰਧਾਨ ਮੰਤਰੀ ਦੇ ਦੌਰੇ ਲਈ ਇਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜ਼ਮੀਨ ਤੋਂ ਅਕਾਸ਼ ਤੱਕ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸੀਆਰਪੀਐਫ, ਸੀਆਈਐਸਐਫ, ਆਈਟੀਬੀਪੀ ਦੇ ਨਾਲ ਸੀਓ ਪੱਧਰ ਦੇ ਅਧਿਕਾਰੀ, ਇੰਸਪੈਕਟਰ ਅਤੇ ਸਬ-ਇੰਸਪੈਕਟਰ ਅਤੇ ਪੁਲਿਸ ਕਰਮਚਾਰੀਆਂ ਦਾ ਇੱਕ ਵੱਡੀ ਟੁਕੜੀ ਇਸ ਸਮਾਗਮ 'ਤੇ ਨਜ਼ਰ ਰੱਖੇਗਾ। ਇਸ ਦੇ ਨਾਲ ਹੀ ਸੀਸੀਟੀਵੀ ਕੈਮਰਿਆਂ ਅਤੇ ਡਰੋਨਾਂ ਰਾਹੀਂ ਵੀ ਸੁਰੱਖਿਆ ਦੀ ਨਿਗਰਾਨੀ ਕੀਤੀ ਜਾਵੇਗੀ।