ਐਡਮਿਰਲ ਹਰੀ ਕੁਮਾਰ ਨੇ ਸੰਭਾਲਿਆ ਜਲ ਸੈਨਾ ਮੁਖੀ ਦਾ ਅਹੁਦਾ, ਮਾਂ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ
ਐਡਮਿਰਲ ਕਰਮਬੀਰ ਸਿੰਘ ਦੇ ਸੇਵਾਮੁਕਤ ਹੋਣ ਤੋਂ ਬਾਅਦ ਐਡਮਿਰਲ ਆਰ ਹਰੀ ਕੁਮਾਰ ਨੇ ਮੰਗਲਵਾਰ ਨੂੰ ਭਾਰਤੀ ਜਲ ਸੈਨਾ ਦੇ ਨਵੇਂ ਮੁਖੀ ਵਲੋਂ ਅਹੁਦਾ ਸੰਭਾਲਿਆ ਹੈ।
ਨਵੀਂ ਦਿੱਲੀ: ਐਡਮਿਰਲ ਕਰਮਬੀਰ ਸਿੰਘ ਦੇ ਸੇਵਾਮੁਕਤ ਹੋਣ ਤੋਂ ਬਾਅਦ ਐਡਮਿਰਲ ਆਰ ਹਰੀ ਕੁਮਾਰ ਨੇ ਮੰਗਲਵਾਰ ਨੂੰ ਭਾਰਤੀ ਜਲ ਸੈਨਾ ਦੇ ਨਵੇਂ ਮੁਖੀ ਵਲੋਂ ਅਹੁਦਾ ਸੰਭਾਲਿਆ ਹੈ। ਇਸ ਦੌਰਾਨ ਉਹਨਾਂ ਨੇ ਅਪਣੀ ਮਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਵੀ ਲਿਆ। ਮਾਂ ਦਾ ਆਸ਼ੀਰਵਾਦ ਲੈਂਦਿਆਂ ਦੀ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕ ਉਹਨਾਂ ਦੀਆਂ ਤਾਰੀਫਾਂ ਕਰ ਰਹੇ ਹਨ। ਐਡਮਿਰਲ ਹਰੀ ਕੁਮਾਰ ਨੂੰ ਮੰਗਲਵਾਰ ਨੂੰ ਭਾਰਤੀ ਜਲ ਸੈਨਾ ਦੀ ਕਮਾਨ ਸੌਂਪੀ ਗਈ। ਇਸ ਦੌਰਾਨ ਉਹਨਾਂ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਦਰਸ਼ਕਾਂ ਵਿਚ ਬੈਠੇ ਅਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਪਹੁੰਚੇ। ਇਸ ਦੌਰਾਨ ਉਹਨਾਂ ਨੇ ਪੈਰ ਛੂਹ ਕੇ ਮਾਂ ਦਾ ਆਸ਼ੀਰਵਾਦ ਲਿਆ ਅਤੇ ਫਿਰ ਉਹਨਾਂ ਨੂੰ ਗਲੇ ਲੱਗ ਕੇ ਮਿਲੇ।
ਜਲ ਸੈਨਾ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਐਡਮਿਰਲ ਹਰੀ ਕੁਮਾਰ ਨੇ ਪੱਛਮੀ ਜਲ ਸੈਨਾ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਵਜੋਂ ਸੇਵਾ ਨਿਭਾਈ। 12 ਅਪ੍ਰੈਲ 1962 ਨੂੰ ਪੈਦਾ ਹੋਏ ਐਡਮਿਰਲ ਹਰੀ ਕੁਮਾਰ 1 ਜਨਵਰੀ 1983 ਨੂੰ ਭਾਰਤੀ ਜਲ ਸੈਨਾ ਦੀ ਕਾਰਜਕਾਰੀ ਸ਼ਾਖਾ ਵਿਚ ਸੇਵਾ ਵਿਚ ਸ਼ਾਮਲ ਹੋਏ। ਲਗਭਗ 39 ਸਾਲਾਂ ਦੀ ਆਪਣੀ ਲੰਬੀ ਅਤੇ ਵਿਲੱਖਣ ਸੇਵਾ ਦੌਰਾਨ, ਐਡਮਿਰਲ ਕੁਮਾਰ ਨੇ ਵੱਖ-ਵੱਖ ਕਮਾਂਡਾਂ, ਸਟਾਫ਼ ਅਤੇ ਨਿਰਦੇਸ਼ਕ ਨਿਯੁਕਤੀਆਂ ਵਿਚ ਸੇਵਾਵਾਂ ਦਿੱਤੀਆਂ ਹਨ।
ਸਮੁੰਦਰੀ ਕਮਾਂਡ ਵਿਚ ਐਡਮਿਰਲ ਹਰੀ ਕੁਮਾਰ ਦੀਆਂ ਤਾਇਨਾਤੀਆਂ ਵਿਚ ਭਾਰਤੀ ਜਲ ਸੈਨਾ ਜਹਾਜ਼ (ਆਈਐਨਐਸ) ਨਿਸ਼ੰਕ, ਮਿਜ਼ਾਈਲ ਨਾਲ ਲੈਸ ਜੰਗੀ ਜਹਾਜ਼ ਆਈਐਨਐਸ ਕੋਰਾ ਅਤੇ ਗਾਈਡਡ-ਮਿਜ਼ਾਈਲ ਆਈਐਨਐਸ ਰਣਵੀਰ ਸ਼ਾਮਲ ਹਨ। ਉਹਨਾਂ ਨੇ ਭਾਰਤੀ ਜਲ ਸੈਨਾ ਦੇ ਏਅਰਕ੍ਰਾਫਟ ਕੈਰੀਅਰ ਆਈਐਨਐਸ ਵਿਰਾਟ ਦੀ ਕਮਾਨ ਵੀ ਸੰਭਾਲੀ ਹੈ।
ਐਡਮਿਰਲ ਕੁਮਾਰ ਪੱਛਮੀ ਬੇੜੇ ਦੇ ਫਲੀਟ ਆਪਰੇਸ਼ਨ ਅਫਸਰ ਵਜੋਂ ਵੀ ਕੰਮ ਕਰ ਚੁੱਕੇ ਹਨ। ਪੱਛਮੀ ਜਲ ਸੈਨਾ ਕਮਾਂਡ ਵਿਚ ਐਫਓਸੀ ਦਾ ਚਾਰਜ ਸੰਭਾਲਣ ਤੋਂ ਪਹਿਲਾਂ, ਉਹ ਹੈੱਡਕੁਆਰਟਰ ਵਿਖੇ ਏਕੀਕ੍ਰਿਤ ਸਟਾਫ ਕਮੇਟੀ ਅਤੇ ਏਕੀਕ੍ਰਿਤ ਰੱਖਿਆ ਸਟਾਫ ਦੇ ਮੁਖੀ ਸਨ। ਉਹਨਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ (PVSM), ਅਤਿ ਵਿਸ਼ਿਸ਼ਟ ਸੇਵਾ ਮੈਡਲ (AVSM) ਅਤੇ ਵਿਸ਼ਿਸ਼ਟ ਸੇਵਾ ਮੈਡਲ (VSM) ਨਾਲ ਸਨਮਾਨਿਤ ਕੀਤਾ ਗਿਆ ਹੈ।