UP 'ਚ ਬੱਸ ਅਤੇ ਟਰੱਕ ਦੀ ਆਪਸ 'ਚ ਹੋਈ ਟੱਕਰ, 6 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

15 ਲੋਕ ਗੰਭੀਰ ਜ਼ਖਮੀ

photo

 

ਬਹਿਰਾਇਚ: ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਰੋਡਵੇਜ਼ ਦੀ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 15 ਲੋਕ ਜ਼ਖਮੀ ਹੋਏ ਹਨ। ਐਸਐਚਓ ਰਾਜੇਸ਼ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਮੌਕੇ 'ਤੇ ਮੌਜੂਦ ਹੈ ਅਤੇ ਬਚਾਅ ਕਾਰਜ ਜਾਰੀ ਹੈ। ਘਟਨਾ ਬਹਿਰਾਇਚ ਦੇ ਜਰਵਾਲ ਇਲਾਕੇ ਦੇ ਤਪੇ ਸਿਪਾਹ ਇਲਾਕੇ ਦੀ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 4:30 ਵਜੇ ਵਾਪਰਿਆ। ਧੁੰਦ ਕਾਰਨ ਇਕ ਤੇਜ਼ ਰਫਤਾਰ ਟਰੱਕ ਨੇ ਰੋਡਵੇਜ਼ ਦੀ ਬੱਸ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਹਾਦਸੇ ਦੀ ਸੂਚਨਾ ਮਿਲਣ 'ਤੇ ਸੀਓ ਅਤੇ ਐਸਡੀਐਮ ਕੈਸਰਗੰਜ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਹਾਦਸੇ ਦਾ ਸ਼ਿਕਾਰ ਹੋਈ ਬੱਸ ਲਖਨਊ ਤੋਂ ਬਹਿਰਾਇਚ ਜਾ ਰਹੀ ਸੀ। ਮਰਨ ਵਾਲੇ ਸਾਰੇ ਮਰਦ ਹਨ। ਬੱਸ ਵਿੱਚ 40 ਦੇ ਕਰੀਬ ਸਵਾਰੀਆਂ ਸਨ। ਇਸ ਦੇ ਨਾਲ ਹੀ ਜ਼ਖਮੀਆਂ 'ਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।