ਦਿੱਲੀ ਆਬਕਾਰੀ ਨੀਤੀ: ED ਨੇ ਕਾਰੋਬਾਰੀ ਅਮਿਤ ਅਰੋੜਾ ਨੂੰ ਕੀਤਾ ਗ੍ਰਿਫ਼ਤਾਰ
ਇਸ ਮਾਮਲੇ ਵਿਚ ਈਡੀ ਵੱਲੋਂ ਇਹ ਛੇਵੀਂ ਗ੍ਰਿਫ਼ਤਾਰੀ ਹੈ।
ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿਚ ਇਕ ਹੋਰ ਕਾਰੋਬਾਰੀ ਅਮਿਤ ਅਰੋੜਾ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਰੋੜਾ ਗੁਰੂਗ੍ਰਾਮ ਸਥਿਤ 'ਬਡੀ ਰਿਟੇਲ ਪ੍ਰਾਈਵੇਟ ਲਿਮਟਡ' ਦੇ ਨਿਰਦੇਸ਼ਕ ਹਨ। ਇਸ ਮਾਮਲੇ ਵਿਚ ਈਡੀ ਵੱਲੋਂ ਇਹ ਛੇਵੀਂ ਗ੍ਰਿਫ਼ਤਾਰੀ ਹੈ।
ਸੂਤਰਾਂ ਮੁਤਾਬਕ ਅਰੋੜਾ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਮੰਗਲਵਾਰ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਉਹਨਾਂ ਦੱਸਿਆ ਕਿ ਅਰੋੜਾ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਜਿੱਥੇ ਜਾਂਚ ਏਜੰਸੀ ਉਸ ਦੀ ਹਿਰਾਸਤ ਲਈ ਬੇਨਤੀ ਕਰੇਗੀ। ਈਡੀ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਐਫਆਈਆਰ ਤੋਂ ਬਾਅਦ ਕੇਸ ਦਰਜ ਕੀਤਾ ਸੀ।
ਸੀਬੀਆਈ ਨੇ ਇਸ ਮਾਮਲੇ ਵਿਚ ਹਾਲ ਹੀ ਵਿਚ ਦਾਇਰ ਚਾਰਜਸ਼ੀਟ ਵਿਚ ਦਾਅਵਾ ਕੀਤਾ ਹੈ ਕਿ ਅਮਿਤ ਅਰੋੜਾ ਅਤੇ ਦੋ ਹੋਰ ਮੁਲਜ਼ਮ ਦਿਨੇਸ਼ ਅਰੋੜਾ ਅਤੇ ਅਰਜੁਨ ਪਾਂਡੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ‘ਕਰੀਬੀ ਸਹਿਯੋਗੀ’ ਹਨ ਅਤੇ ਉਹ ਲੋਕ ਸੇਵਕਾਂ ਲਈ ਸ਼ਰਾਬ ਲਾਇਸੈਂਸ ਧਾਰਕਾਂ ਕੋਲੋਂ ਇਕੱਠੇ ਕੀਤੇ ਗਏ ਪੈਸੇ ਦੇ ‘ਗੈਰ-ਕਾਨੂੰਨੀ ਵਿੱਤੀ ਪ੍ਰਬੰਧਨ ਅਤੇ ਹੇਰਾਫੇਰ ਵਿਚ ਸਰਗਰਮੀ ਨਾਲ ਸ਼ਾਮਲ ਸੀ।'