ਲਕਸ਼ਮੀ ਸਿੰਘ ਬਣੀ ਉੱਤਰ ਪ੍ਰਦੇਸ਼ ਦੀ ਪਹਿਲੀ ਮਹਿਲਾ ਪੁਲਿਸ ਕਮਿਸ਼ਨਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਬਾ ਅਤੇ ਕੇਂਦਰ ਸਰਕਾਰ ਤੋਂ ਅਨੇਕਾਂ ਸਨਮਾਨ ਹਾਸਲ ਕਰ ਚੁੱਕੀ ਹੈ ਲਕਸ਼ਮੀ ਸਿੰਘ

Image

 

ਗਾਜ਼ੀਆਬਾਦ - 2000 ਬੈਚ ਦੀ ਆਈ.ਪੀ.ਐਸ. ਅਧਿਕਾਰੀ ਲਕਸ਼ਮੀ ਸਿੰਘ ਨੂੰ ਗੌਤਮ ਬੁੱਧ ਨਗਰ ਦੀ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਉਹ ਰਾਜ ਵਿੱਚ ਇਹ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ।

ਸੋਮਵਾਰ ਦੇਰ ਰਾਤ ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਦੇ ਵੱਡੇ ਫੇਰਬਦਲ ਦੌਰਾਨ, ਸੂਬਾ ਸਰਕਾਰ ਨੇ ਗਾਜ਼ੀਆਬਾਦ, ਆਗਰਾ ਅਤੇ ਪ੍ਰਯਾਗਰਾਜ ਦੇ ਤਿੰਨ ਨਵੇਂ ਬਣੇ ਪੁਲਿਸ ਕਮਿਸ਼ਨਰੇਟ ਸਿਸਟਮ ਦੇ ਗਠਨ ਤੋਂ ਪਹਿਲਾਂ 16 ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ ਕੀਤਾ। 

ਗੌਤਮ ਬੁੱਧ ਨਗਰ (ਨੋਇਡਾ) ਅਤੇ ਲਖਨਊ, ਕੋਵਿਡ ਮਹਾਂਮਾਰੀ ਦੌਰਾਨ 2020 ਵਿੱਚ ਸੂਬੇ 'ਚ ਸਥਾਪਿਤ ਕੀਤੇ ਗਏ ਪਹਿਲੇ ਦੋ ਕਮਿਸ਼ਨਰੇਟ ਸਨ। ਪਹਿਲੇ ਅਤੇ ਮੌਜੂਦਾ ਨੋਇਡਾ ਪੁਲਿਸ ਕਮਿਸ਼ਨਰ ਆਲੋਕ ਸਿੰਘ ਦਾ ਤਬਾਦਲਾ ਵਧੀਕ ਡਾਇਰੈਕਟਰ ਜਨਰਲ (ਏ.ਡੀ.ਜੀ.) ਵਜੋਂ ਕੀਤਾ ਗਿਆ ਹੈ। ਉਹ ਲਖਨਊ ਵਿੱਚ ਯੂ.ਪੀ. ਪੁਲਿਸ ਹੈੱਡਕੁਆਰਟਰ ਵਿੱਚ ਨਿਯੁਕਤ ਹੋਣਗੇ। 

48 ਸਾਲਾ ਲਕਸ਼ਮੀ ਸਿੰਘ ਬੁੱਧਵਾਰ ਨੂੰ ਗੌਤਮ ਬੁੱਧ ਨਗਰ ਕਮਿਸ਼ਨਰੇਟ ਦਾ ਚਾਰਜ ਸੰਭਾਲਣਗੇ। ਉਨ੍ਹਾਂ ਦੀ ਪਿਛਲੀ ਨਿਯੁਕਤੀ ਲਖਨਊ ਰੇਂਜ ਦੇ ਇੰਸਪੈਕਟਰ ਜਨਰਲ (ਆਈ.ਜੀ.) ਵਜੋਂ ਹੋਈ ਸੀ। 2000 ਬੈਚ ਦੀ ਇਸ ਆਈ.ਪੀ.ਐਸ. ਅਧਿਕਾਰੀ ਨੇ ਰਾਜ ਅਤੇ ਕੇਂਦਰ ਸਰਕਾਰ ਤੋਂ ਕਈ ਸਨਮਾਨ ਹਾਸਲ ਕੀਤੇ ਹਨ।

ਸੀਨੀਅਰ ਅਫ਼ਸਰਾਂ ਦੇ ਕਹਿਣ ਮੁਤਾਬਿਕ ਸਿੰਘ ਦਾ ਨਾਂਅ ਪਹਿਲਾਂ ਵੀ ਚਰਚਿਤ ਰਹਿ ਚੁੱਕਿਆ ਹੈ। ਉਨ੍ਹਾਂ ਨੂੰ ਯੂ.ਪੀ.ਐੱਸ.ਸੀ. ਇਮਤਿਹਾਨਾਂ ਵਿੱਚ ਪਹਿਲੀ ਮਹਿਲਾ ਆਈ.ਪੀ.ਐਸ. ਟਾਪਰ ਹੋਣ ਦਾ ਮਾਣ ਪ੍ਰਾਪਤ ਹੈ। ਸਾਰੇ ਦੇਸ਼ ਵਿੱਚੋਂ ਉਹ 33ਵੇਂ ਦਰਜੇ 'ਤੇ ਆਈ ਸੀ। 

ਹੈਦਰਾਬਾਦ ਵਿਖੇ ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ਵਿੱਚ ਆਪਣੀ ਸਿਖਲਾਈ ਦੌਰਾਨ, ਉਨ੍ਹਾਂ ਨੂੰ ਸਰਵੋਤਮ ਪ੍ਰੋਬੇਸ਼ਨਰ ਚੁਣਿਆ ਗਿਆ।

ਸਿਖਲਾਈ ਦੌਰਾਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਸਿਲਵਰ ਬੈਟਨ ਅਤੇ ਗ੍ਰਹਿ ਮੰਤਰੀ ਦੀ ਪਿਸਤੌਲ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

ਹੋਰਨਾਂ ਅਵਾਰਡਾਂ ਵਿੱਚ, 2016 ਵਿੱਚ ਲਕਸ਼ਮੀ ਨੇ ਪੁਲਿਸ ਮੈਡਲ ਅਤੇ 2020 ਅਤੇ 2021 ਵਿੱਚ ਯੂ.ਪੀ. ਦੇ ਡੀ.ਜੀ.ਪੀ. ਦੇ ਚਾਂਦੀ ਅਤੇ ਸੋਨੇ ਦੇ ਤਗਮੇ ਪ੍ਰਾਪਤ ਕੀਤੇ ਹਨ। ਪਿਛਲੇ ਸਾਲ ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਉੱਤਮਤਾ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।

ਨਵੀਂ ਨਿਯੁਕਤੀ ਬਾਰੇ ਲਕਸ਼ਮੀ ਸਿੰਘ ਨੇ ਕਿਹਾ, "ਮੈਂ ਬੁੱਧਵਾਰ ਨੂੰ ਅਹੁਦਾ ਸੰਭਾਲਾਂਗੀ ਅਤੇ ਚੰਗੀ ਤਰ੍ਹਾਂ ਸਮਝਣ ਲਈ ਜ਼ਿਲ੍ਹੇ ਦਾ ਜਾਇਜ਼ਾ ਲਵਾਂਗੀ।"

ਲਕਸ਼ਮੀ ਸਿੰਘ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੀ.ਟੈੱਕ ਦੀ ਡਿਗਰੀ ਪ੍ਰਾਪਤ ਹਨ, ਅਤੇ ਉਨ੍ਹਾਂ ਨੇ 2004 ਵਿੱਚ ਪੁਲਿਸ ਦੇ ਸੀਨੀਅਰ ਸੁਪਰਡੈਂਟ ਵਜੋਂ ਆਪਣੀ ਪਹਿਲੀ ਨਿਯੁਕਤੀ ਹਾਸਲ ਕੀਤੀ ਸੀ। 2013 ਵਿੱਚ, ਉਨ੍ਹਾਂ ਨੂੰ ਤਰੱਕੀ ਦੇ ਕੇ ਡਿਪਟੀ ਆਈ.ਜੀ. ਬਣਾਇਆ ਗਿਆ, ਅਤੇ 2018 ਵਿੱਚ ਆਈ.ਜੀ. ਨਿਯੁਕਤ ਕੀਤਾ ਗਿਆ। 

ਸਿੰਘ ਦਾ ਘਰ ਗੌਤਮ ਬੁੱਧ ਨਗਰ ਵਿੱਚ ਹੈ। ਸਪੈਸ਼ਲ ਟਾਸਕ ਫੋਰਸ ਦੇ ਆਈ.ਜੀ. ਅਤੇ ਡੀ.ਆਈ.ਜੀ. ਰਹਿੰਦੇ ਹੋਏ ਉਹ ਜਨਵਰੀ 2018 ਤੋਂ ਮਾਰਚ 2018 ਤੱਕ ਥੋੜ੍ਹੇ ਸਮੇਂਬ ਲਈ ਜ਼ਿਲ੍ਹੇ ਵਿੱਚ ਸੇਵਾ ਨਿਭਾਅ ਚੁੱਕੀ ਹੈ। 

ਲਕਸ਼ਮੀ ਸਿੰਘ ਦੇ ਪਤੀ ਲਖਨਊ ਦੀ ਸਰੋਜਨੀ ਨਗਰ ਸੀਟ ਤੋਂ ਭਾਜਪਾ ਵਿਧਾਇਕ ਅਤੇ ਸਾਬਕਾ ਈ.ਡੀ. ਅਧਿਕਾਰੀ ਰਾਜੇਸ਼ਵਰ ਸਿੰਘ ਹਨ।