ਬਿੱਲ ਪਾਸ ਕਰਵਾਉਣ ਬਦਲੇ 10 ਲੱਖ ਰੁਪਏ ਲੈਣ ਵਾਲਾ ਲੇਖਾ ਸੇਵਾ ਅਧਿਕਾਰੀ CBI ਨੇ ਕੀਤਾ ਗ੍ਰਿਫ਼ਤਾਰ
ਤਲਾਸ਼ੀ ਦੌਰਾਨ ਅਧਿਕਾਰੀ ਕੋਲੋਂ 40 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਸੀ
ਨਵੀਂ ਦਿੱਲੀ : CBI ਅਧਿਕਾਰੀਆਂ ਨੇ 10 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ’ਚ ਫ਼ੌਜ ਦੀ ਦੱਖਣ ਪੱਛਮੀ ਕਮਾਂਡ ਨਾਲ ਜੁੜੇ ਭਾਰਤੀ ਰੱਖਿਆ ਲੇਖ ਸੇਵਾ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ, ਤਲਾਸ਼ੀ ਦੌਰਾਨ ਅਧਿਕਾਰੀ ਕੋਲੋਂ 40 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਸੀ। ਕੇਂਦਰੀ ਜਾਂਚ ਬਿਊਰੋ ਨੇ 1998 ਬੈਚ ਦੇ ਆਈ.ਡੀ.ਏ.ਐੱਸ. ਅਧਿਕਾਰੀ ਉਮਾਸ਼ੰਕਰ ਪ੍ਰਸਾਦ ਕੁਸ਼ਵਾਹਾ ਨੂੰ ਗ੍ਰਿਫ਼ਤਾਰ ਕੀਤਾ, ਜੋ ਜੈਪੁਰ ’ਚ ਦੱਖਣੀ ਪੱਛਮੀ ਕਮਾਂਡ ’ਚ ਏਕੀਕ੍ਰਿਤ ਵਿੱਤੀ ਅਧਿਕਾਰੀ (ਆਈ.ਐੱਫ.ਏ.) ਵਜੋਂ ਤਾਇਨਾਤ ਸਨ। ਇਸ ਤੋਂ ਇਲਾਵਾ ਆਈ.ਐੱਫ.ਏ. ਦਫ਼ਤਰ ’ਚ ਲੇਖਾ ਅਧਿਕਾਰੀ ਵਜੋਂ ਤਾਇਨਾਤ ਰਾਮ ਰੂਪ ਮੀਣਾ, ਜੂਨੀਅਰ ਅਨੁਵਾਦਕ ਵਿਜੇ ਨਾਮਾ ਅਤੇ ਜੈਪੁਰ ਸਥਿਤ ਤਨੁਸ਼੍ਰੀ ਸਰਵਿਸਿਜ਼ ਦੇ ਕਥਿਤ ਵਿਚੋਲੇ ਰਾਜਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਹਾਈਟੈੱਕ ਸਕਿਓਰਿਟੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਜੀਂਦ ਦੇ ਸੁਨੀਲ ਕੁਮਾਰ, ਈ.ਐੱਸ.ਐੱਸ. ਪੀ.ਈ.ਈ. ਟਰੇਡਰਜ਼, ਗੰਗਾਨਗਰ ਦੇ ਪ੍ਰਬਜਿੰਦਰ ਸਿੰਘ ਬਰਾੜ ਅਤੇ ਡੀ.ਕੇ. ਇੰਟਰਪ੍ਰਾਈਜ਼ਿਜ਼, ਬਠਿੰਡਾ ਦੇ ਦਿਨੇਸ਼ ਕੁਮਾਰ ਜਿੰਦਲ ਨੂੰ ਵੀ ਰਿਸ਼ਵਤ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀ.ਬੀ.ਆਈ. ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਅਜਿਹਾ ਦੋਸ਼ ਸੀ ਕਿ ਤਿੰਨ ਨਿੱਜੀ ਫਰਮਾਂ ਦੇ ਮੁਲਜ਼ਮਾਂ ਨੇ ਇਕ ਸਾਜ਼ਿਸ਼ ਰਚੀ, ਜਿਸ ਤਹਿਤ ਉਹ ਦੱਖਣ ਪੱਛਮੀ ਕਮਾਂਡ ’ਚ ਵੱਖ-ਵੱਖ ਥਾਵਾਂ ਲਈ ਸੁਰੱਖਿਆ ਸੇਵਾਵਾਂ ਦੀ ਆਊਟਸੋਰਸਿੰਗ ਨਾਲ ਸਬੰਧਤ ਸਾਰੇ ਕੰਮ ਉਹ ਪ੍ਰਾਪਤ ਕਰ ਰਹੇ ਸਨ ਅਤੇ ਇਹ ਕੰਮ ਮੁਹੱਈਆ ਕਰਵਾ ਰਹੇ ਸਨ।
ਅਜਿਹਾ ਕਰਨ ਦੇ ਇਵਜ਼ ’ਚ ਬੇਲੋੜਾ ਫਾਇਦਾ ਦੇ ਰਹੇ ਸਨ। ਅਜਿਹਾ ਕਰਦੇ ਸਮੇਂ ਉਹ ਜੀ.ਈ.ਐੱਮ. ਦੀਆਂ ਵਿਵਸਥਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਬਿਨਾਂ ਕਿਸੇ ਇਤਰਾਜ਼ ਦੇ ਬਿੱਲਾਂ ਦੀ ਅਦਾਇਗੀ ਕਰ ਰਹੇ ਸਨ। ਕੰਪਨੀਆਂ ਨੇ ਬਿਨਾਂ ਕਿਸੇ ਇਤਰਾਜ਼ ਦੇ ਆਪਣੇ ਬਿੱਲਾਂ ਦੀ ਮਨਜ਼ੂਰੀ ਪ੍ਰਾਪਤ ਕਰਨ ਲਈ ਕਥਿਤ ਤੌਰ ’ਤੇ ਆਈ. ਐੱਫ. ਏ. ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਸਾਜ਼ਿਸ਼ ਰਚੀ ਸੀ।