ਨਾਇਡੂ ਸੱਭ ਤੋਂ ਅਮੀਰ ਮੁੱਖ ਮੰਤਰੀ, ਮਮਤਾ ਕੋਲ ਸੱਭ ਤੋਂ ਘੱਟ ਜਾਇਦਾਦ : ਏ.ਡੀ.ਆਰ. 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ 332 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨਾਲ ਦੂਜੇ ਸੱਭ ਤੋਂ ਅਮੀਰ ਮੁੱਖ ਮੰਤਰੀ ਹਨ

Mamata Banerjee and Chandrababu Naidu

ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ 931 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨਾਲ ਭਾਰਤ ਦੇ ਸੱਭ ਤੋਂ ਅਮੀਰ ਮੁੱਖ ਮੰਤਰੀ ਹਨ, ਜਦਕਿ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਿਰਫ 15 ਲੱਖ ਰੁਪਏ ਦੀ ਜਾਇਦਾਦ ਨਾਲ ਸੱਭ ਤੋਂ ਘੱਟ ਜਾਇਦਾਦ ਵਾਲੀ ਮੁੱਖ ਮੰਤਰੀ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏ.ਡੀ.ਆਰ.) ਵਲੋਂ ਸੋਮਵਾਰ ਨੂੰ ਜਾਰੀ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ ਹੈ। 

ਰੀਪੋਰਟ ’ਚ ਕਿਹਾ ਗਿਆ ਹੈ ਕਿ ਪ੍ਰਤੀ ਮੁੱਖ ਮੰਤਰੀ ਔਸਤ ਜਾਇਦਾਦ 52.59 ਕਰੋੜ ਰੁਪਏ ਸੀ।  2023-2024 ਲਈ ਭਾਰਤ ਦੀ ਪ੍ਰਤੀ ਵਿਅਕਤੀ ਸ਼ੁੱਧ ਕੌਮੀ ਆਮਦਨ (ਐਨ.ਐਨ.ਆਈ.) ਲਗਭਗ 1,85,854 ਰੁਪਏ ਸੀ, ਜਦਕਿ ਮੁੱਖ ਮੰਤਰੀ ਦੀ ਔਸਤ ਸਵੈ-ਆਮਦਨ 13,64,310 ਰੁਪਏ ਹੈ, ਜੋ ਭਾਰਤ ਦੀ ਔਸਤ ਪ੍ਰਤੀ ਵਿਅਕਤੀ ਆਮਦਨ ਦਾ ਲਗਭਗ 7.3 ਗੁਣਾ ਹੈ। ਦੇਸ਼ ਦੇ 31 ਮੁੱਖ ਮੰਤਰੀਆਂ ਦੀ ਕੁਲ ਜਾਇਦਾਦ 1,630 ਕਰੋੜ ਰੁਪਏ ਹੈ। 

ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ 332 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨਾਲ ਦੂਜੇ ਸੱਭ ਤੋਂ ਅਮੀਰ ਮੁੱਖ ਮੰਤਰੀ ਹਨ, ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ 51 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨਾਲ ਸੂਚੀ ’ਚ ਤੀਜੇ ਸਥਾਨ ’ਤੇ ਹਨ। 

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ 55 ਲੱਖ ਰੁਪਏ ਦੀ ਜਾਇਦਾਦ ਨਾਲ ਦੂਜੇ ਸੱਭ ਤੋਂ ਗਰੀਬ ਮੁੱਖ ਮੰਤਰੀ ਹਨ, ਜਦਕਿ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ 1.18 ਕਰੋੜ ਰੁਪਏ ਦੀ ਜਾਇਦਾਦ ਨਾਲ ਤੀਜੇ ਨੰਬਰ ’ਤੇ ਹਨ। ਖਾਂਡੂ ’ਤੇ 180 ਕਰੋੜ ਰੁਪਏ ਦੀ ਸੱਭ ਤੋਂ ਵੱਧ ਦੇਣਦਾਰੀ ਵੀ ਹੈ। ਸਿਧਾਰਮਈਆ ’ਤੇ 23 ਕਰੋੜ ਰੁਪਏ ਅਤੇ ਨਾਇਡੂ ’ਤੇ 10 ਕਰੋੜ ਰੁਪਏ ਤੋਂ ਵੱਧ ਦੀ ਦੇਣਦਾਰੀ ਹੈ। 

ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ 13 (42 ਫੀ ਸਦੀ) ਮੁੱਖ ਮੰਤਰੀਆਂ ਨੇ ਅਪਣੇ ਵਿਰੁਧ ਅਪਰਾਧਕ ਮਾਮਲਿਆਂ ਦਾ ਐਲਾਨ ਕੀਤਾ ਹੈ, ਜਦਕਿ 10 (32 ਫੀ ਸਦੀ) ਨੇ ਕਤਲ ਦੀ ਕੋਸ਼ਿਸ਼, ਅਗਵਾ, ਰਿਸ਼ਵਤਖੋਰੀ ਅਤੇ ਅਪਰਾਧਕ ਧਮਕੀਆਂ ਸਮੇਤ ਗੰਭੀਰ ਅਪਰਾਧਕ ਮਾਮਲਿਆਂ ਦਾ ਐਲਾਨ ਕੀਤਾ ਹੈ। ਦੇਸ਼ ਦੇ 31 ਮੁੱਖ ਮੰਤਰੀਆਂ ਵਿਚੋਂ ਸਿਰਫ ਦੋ ਔਰਤਾਂ ਹਨ, ਪਛਮੀ ਬੰਗਾਲ ਦੀ ਮਮਤਾ ਬੈਨਰਜੀ ਅਤੇ ਦਿੱਲੀ ਦੀ ਆਤਿਸ਼ੀ।