ਅਤਿਵਾਦੀ ਹਮਲਿਆਂ ਨੂੰ ਰੋਕਣ ’ਚ ਨਾਕਾਮ ਰਹਿਣ ਲਈ ਮਮਤਾ ਨੇ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ
ਕੇਂਦਰੀ ਗ੍ਰਹਿ ਮੰਤਰੀ ਦਾ ਨਾਂ ਲਏ ਬਿਨਾਂ ਉਨ੍ਹਾਂ ਨੂੰ ‘ਦੁਸ਼ਾਸਨ’ ਦਸਿਆ
ਕੋਲਕਾਤਾ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਂ ਲਏ ਬਿਨਾਂ ਉਨ੍ਹਾਂ ਨੂੰ ‘ਦੁਸ਼ਾਸਨ’ ਦਸਿਆ ਅਤੇ ਉਨ੍ਹਾਂ ਵਲੋਂ ਦੇਸ਼ ਅੰਦਰ ਅਤਿਵਾਦੀ ਹਮਲਿਆਂ ਨੂੰ ਰੋਕਣ ਵਿਚ ਅਸਫ਼ਲ ਰਹਿਣ ਲਈ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ।
ਮਮਤਾ ਬੈਨਰਜੀ ਨੇ ਸੋਮਵਾਰ ਨੂੰ ਪਛਮੀ ਬੰਗਾਲ ਦੇ ਤਿੰਨ ਦਿਨਾਂ ਦੌਰੇ ਉਤੇ ਕੋਲਕਾਤਾ ਪਹੁੰਚੇ ਸ਼ਾਹ ਨੂੰ ਇਹ ਵੀ ਸਵਾਲ ਕੀਤਾ ਕਿ ਜਦੋਂ ਜੰਮੂ-ਕਸ਼ਮੀਰ ਵਿਚ ਅਤਿਵਾਦੀ ਹਮਲਾ ਹੋਇਆ ਸੀ ਅਤੇ ਨਵੀਂ ਦਿੱਲੀ ਵਿਚ ਧਮਾਕਾ ਹੋਇਆ ਸੀ ਤਾਂ ਪਛਮੀ ਬੰਗਾਲ ਨੂੰ ਹੀ ਘੁਸਪੈਠ ਲਈ ਕਿਉਂ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਸੂਬੇ ’ਚ 294 ਸੀਟਾਂ ਵਾਲੀਆਂ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੀ ਸ਼ੁਰੂਆਤ ’ਚ ਹੋਣੀਆਂ ਹਨ। ਮੁੱਖ ਮੰਤਰੀ ਨੇ ਬਾਂਕੁਰਾ ਜ਼ਿਲ੍ਹੇ ਦੇ ਬਰਜੋਰਾ ਵਿਖੇ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅੱਜ ਦੁਸ਼ਾਸਨ ਬੰਗਾਲ ਆ ਗਿਆ ਹੈ। ਜਦੋਂ ਵੀ ਚੋਣਾਂ ਹੁੰਦੀਆਂ ਹਨ, ਦੁਰਯੋਧਨ ਅਤੇ ਦੁਸ਼ਾਸਨ ਇੱਥੇ ਪਹੁੰਚਦੇ ਹਨ।’’ ਤ੍ਰਿਣਮੂਲ ਕਾਂਗਰਸ ਦੇ ਸੁਪਰੀਮੋ ਨੇ ਘੁਸਪੈਠ ਦੇ ਮੁੱਦੇ ਉਤੇ ਸ਼ਾਹ ਦੀ ਆਲੋਚਨਾ ਕੀਤੀ ਅਤੇ ਕੇਂਦਰ ਦੇ ਕੌਮੀ ਸੁਰੱਖਿਆ ਨਾਲ ਨਜਿੱਠਣ ਉਤੇ ਸਵਾਲ ਵੀ ਖੜ੍ਹੇ ਕੀਤੇ।
ਉਨ੍ਹਾਂ ਕਿਹਾ, ‘‘ਕੀ ਘੁਸਪੈਠ ਸਿਰਫ ਬੰਗਾਲ ’ਚ ਹੀ ਹੁੰਦੀ ਹੈ? ਕੀ ਪਹਿਲਗਾਮ ’ਚ ਅਜਿਹਾ ਨਹੀਂ ਹੁੰਦਾ? ਕੁੱਝ ਦਿਨ ਪਹਿਲਾਂ ਦਿੱਲੀ ’ਚ ਇਕ ਘਟਨਾ ਵਾਪਰੀ ਸੀ। ਕੀ ਘੁਸਪੈਠੀਏ ਬੰਗਾਲ ਤੋਂ ਇਲਾਵਾ ਕਿਤੇ ਵੀ ਮੌਜੂਦ ਨਹੀਂ ਹਨ? ਤਾਂ ਫਿਰ, ਕੀ ਇਹ ਤੁਸੀਂ ਕੀਤਾ?’’ ਬੈਨਰਜੀ ਨੇ ਸਵਾਲ ਕੀਤਾ ਕਿ ਪਛਮੀ ਬੰਗਾਲ ਨੂੰ ਹਰ ਚੀਜ਼ ਲਈ ਜ਼ਿੰਮੇਵਾਰ ਕਿਉਂ ਠਹਿਰਾਇਆ ਜਾ ਰਿਹਾ ਹੈ।