ਲੰਮੇ ਸਮੇਂ ਦੇ ਵਿਕਾਸ ਨੂੰ ਕਾਇਮ ਰੱਖਣ ਲਈ ਪ੍ਰਧਾਨ ਮੰਤਰੀ ਮੋਦੀ ਨੇ ਮਿਸ਼ਨ ਮੋਡ ਸੁਧਾਰਾਂ ਦਾ ਸੱਦਾ ਦਿਤਾ
ਕੇਂਦਰੀ ਬਜਟ ਤੋਂ ਪਹਿਲਾਂ ਨੀਤੀ ਆਯੋਗ 'ਚ ਉੱਘੇ ਅਰਥਸ਼ਾਸਤਰੀਆਂ ਅਤੇ ਮਾਹਰਾਂ ਦੇ ਸਮੂਹ ਨਾਲ ਗੱਲਬਾਤ ਕੀਤੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਮੇ ਸਮੇਂ ਦੇ ਵਿਕਾਸ ਨੂੰ ਬਰਕਰਾਰ ਰੱਖ ਕੇ 2047 ਤਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਪ੍ਰਾਪਤ ਕਰਨ ਲਈ ਵੱਖ-ਵੱਖ ਖੇਤਰਾਂ ’ਚ ‘ਮਿਸ਼ਨ ਮੋਡ’ ਸੁਧਾਰਾਂ ਦਾ ਸੱਦਾ ਦਿਤਾ।
ਸਾਲ 2026-27 ਦੇ ਕੇਂਦਰੀ ਬਜਟ ਤੋਂ ਪਹਿਲਾਂ ਨੀਤੀ ਆਯੋਗ ’ਚ ਉੱਘੇ ਅਰਥਸ਼ਾਸਤਰੀਆਂ ਅਤੇ ਮਾਹਰਾਂ ਦੇ ਸਮੂਹ ਨਾਲ ਗੱਲਬਾਤ ਕਰਦੇ ਹੋਏ ਮੋਦੀ ਨੇ ਵਿਸ਼ਵ ਪੱਧਰੀ ਸਮਰੱਥਾਵਾਂ ਦੇ ਨਿਰਮਾਣ ਅਤੇ ਗਲੋਬਲ ਏਕੀਕਰਣ ਹਾਸਲ ਕਰਨ ਉਤੇ ਵੀ ਜ਼ੋਰ ਦਿਤਾ। ਗੱਲਬਾਤ ਦਾ ਵਿਸ਼ਾ ‘ਆਤਮਨਿਰਭਰਤਾ ਅਤੇ ਢਾਂਚਾਗਤ ਪਰਿਵਰਤਨ: ਵਿਕਸਿਤ ਭਾਰਤ ਲਈ ਏਜੰਡਾ’ ਸੀ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਨੀਤੀ ਨਿਰਮਾਣ ਅਤੇ ਬਜਟ ਨੂੰ 2047 ਦੀ ਸੋਚ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਬਾਰੇ ਗੱਲ ਕੀਤੀ ਕਿ ਦੇਸ਼ ਆਲਮੀ ਕਾਰਜਬਲ ਅਤੇ ਕੌਮਾਂਤਰੀ ਬਜ਼ਾਰਾਂ ਲਈ ਇਕ ਮਹੱਤਵਪੂਰਨ ਕੇਂਦਰ ਬਣਿਆ ਰਹੇ।
ਉਨ੍ਹਾਂ ਨੇ ਕਿਹਾ ਕਿ 2047 ਤਕ ਇਕ ਵਿਕਸਿਤ ਭਾਰਤ ਦੀ ਸੋਚ ਸਰਕਾਰੀ ਨੀਤੀ ਤੋਂ ਅੱਗੇ ਵਧ ਕੇ ਇਕ ਸੱਚੀ ਲੋਕ ਇੱਛਾ ਬਣ ਗਿਆ ਹੈ। ਗੱਲਬਾਤ ਦੌਰਾਨ, ਅਰਥਸ਼ਾਸਤਰੀਆਂ ਨੇ ਨਿਰਮਾਣ ਅਤੇ ਸੇਵਾ ਖੇਤਰਾਂ ਵਿਚ ਉਤਪਾਦਕਤਾ ਅਤੇ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਰਣਨੀਤਕ ਵਿਚਾਰ ਸਾਂਝੇ ਕੀਤੇ।
ਚਰਚਾ ਵਿਚ ਘਰੇਲੂ ਬੱਚਤ ਵਿਚ ਵਾਧਾ, ਮਜ਼ਬੂਤ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਅਤਿਆਧੁਨਿਕ ਟੈਕਨੋਲੋਜੀ ਨੂੰ ਅਪਣਾਉਣ ਦੇ ਮਾਧਿਅਮ ਨਾਲ ਢਾਂਚਾਗਤ ਪਰਿਵਰਤਨ ਨੂੰ ਤੇਜ਼ ਕਰਨ ਉਤੇ ਧਿਆਨ ਕੇਂਦਰਤ ਕੀਤਾ ਗਿਆ।
ਸਮੂਹ ਨੇ ਅੰਤਰ-ਖੇਤਰੀ ਉਤਪਾਦਕਤਾ ਦੇ ਸਮਰਥਕ ਵਜੋਂ ਬਨਾਉਟੀ ਬੁੱਧੀ (ਏ.ਆਈ.) ਦੀ ਭੂਮਿਕਾ ਦੀ ਪੜਚੋਲ ਕੀਤੀ ਅਤੇ ਭਾਰਤ ਦੇ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ (ਡੀ.ਪੀ.ਆਈ.) ਦੇ ਨਿਰੰਤਰ ਵਿਸਤਾਰ ਬਾਰੇ ਵੀ ਚਰਚਾ ਕੀਤੀ।
ਬੈਠਕ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਪ੍ਰਧਾਨ ਮੰਤਰੀ ਪੀ.ਕੇ. ਮਿਸ਼ਰਾ ਅਤੇ ਸ਼ਕਤੀਕਾਂਤ ਦਾਸ ਦੇ ਪ੍ਰਮੁੱਖ ਸਕੱਤਰ, ਨੀਤੀ ਆਯੋਗ ਦੇ ਉਪ ਚੇਅਰਮੈਨ ਸੁਮਨ ਬੇਰੀ, ਮੁੱਖ ਆਰਥਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ, ਨੀਤੀ ਆਯੋਗ ਦੇ ਸੀ.ਈ.ਓ. ਬੀ.ਵੀ.ਆਰ. ਸੁਬਰਾਮਣੀਅਮ ਅਤੇ ਆਯੋਗ ਦੇ ਹੋਰ ਮੈਂਬਰ ਮੌਜੂਦ ਸਨ।