ਦਿੱਲੀ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੂੰ ਵੱਡਾ ਝਟਕਾ, ਵਿਧਾਇਕ ਨਰੇਸ਼ ਯਾਦਵ ਨੇ ਛੱਡੀ ਪਾਰਟੀ
ਅਸਤੀਫ਼ੇ ’ਚ ਲਿਖਿਆ, ‘‘ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਬਿਲਕੁਲ ਵੀ ਘੱਟ ਨਹੀਂ ਕਰ ਸਕੀ ਬਲਕਿ ਖ਼ੁਦ ਹੀ ਭ੍ਰਿਸ਼ਟਾਚਾਰ ਦੀ ਦਲਦਲ ’ਚ ਫੱਸ ਚੁਕੀ ਹੈ।’’
MLA Naresh Yadav left AAP party News in punjabi : ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਮਹਿਰੌਲੀ ਤੋਂ ਮੌਜੂਦਾ ਵਿਧਾਇਕ ਨਰੇਸ਼ ਯਾਦਵ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ 'ਆਪ' ਨੇ ਨਰੇਸ਼ ਯਾਦਵ ਦੀ ਜਗ੍ਹਾ ਮਹਿੰਦਰ ਚੌਧਰੀ ਨੂੰ ਉਮੀਦਵਾਰ ਐਲਾਨਿਆ ਹੈ।
ਇਸ ਦੇ ਬਾਵਜੂਦ ਨਰੇਸ਼ ਯਾਦਵ ਦਾ ਵੋਟਿੰਗ ਦੇ ਇੰਨੇ ਨੇੜੇ ਪਾਰਟੀ ਛੱਡਣਾ ਯਕੀਨੀ ਤੌਰ 'ਤੇ 'ਆਪ' ਲਈ ਸਿਰਦਰਦੀ ਸਾਬਤ ਹੋਵੇਗਾ। ਨਰੇਸ਼ ਯਾਦਵ ਨੇ ਆਪਣੇ ਅਸਤੀਫ਼ੇ 'ਚ ਲਿਖਿਆ, ਆਮ ਆਦਮੀ ਪਾਰਟੀ ਦਾ ਜਨਮ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਹੋਇਆ ਸੀ, ਭਾਰਤੀ ਰਾਜਨੀਤੀ ਤੋਂ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਸੀ ਪਰ ਹੁਣ ਮੈਂ ਬਹੁਤ ਦੁਖੀ ਹਾਂ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਘੱਟ ਨਹੀਂ ਕਰ ਸਕੀ ਹੈ, ਸਗੋਂ ਆਮ ਆਦਮੀ ਪਾਰਟੀ ਖ਼ੁਦ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸ ਗਈ ਹੈ।
ਮੈਂ ਇਮਾਨਦਾਰੀ ਦੀ ਰਾਜਨੀਤੀ ਲਈ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਹਾਂ। ਅੱਜ ਇਮਾਨਦਾਰੀ ਕਿਤੇ ਨਜ਼ਰ ਨਹੀਂ ਆਉਂਦੀ। ਮੈਂ ਮਹਿਰੌਲੀ ਵਿਧਾਨ ਸਭਾ ਵਿੱਚ ਪਿਛਲੇ 10 ਸਾਲਾਂ ਤੋਂ 100 ਫੀਸਦੀ ਇਮਾਨਦਾਰੀ ਨਾਲ ਲਗਾਤਾਰ ਕੰਮ ਕੀਤਾ ਹੈ। ਮਹਿਰੌਲੀ ਦੇ ਲੋਕ ਜਾਣਦੇ ਹਨ ਕਿ ਮੈਂ ਇਮਾਨਦਾਰੀ ਦੀ ਰਾਜਨੀਤੀ, ਚੰਗੇ ਵਿਹਾਰ ਦੀ ਰਾਜਨੀਤੀ ਅਤੇ ਕੰਮ ਦੀ ਰਾਜਨੀਤੀ ਕੀਤੀ ਹੈ।
ਮੈਂ ਮਹਿਰੌਲੀ ਦੇ ਬਹੁਤ ਸਾਰੇ ਲੋਕਾਂ ਨਾਲ ਚਰਚਾ ਕੀਤੀ, ਸਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਲਿਪਤ ਹੈ। ਤੁਹਾਨੂੰ ਇਸ ਪਾਰਟੀ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਨੇ ਲੋਕਾਂ ਨਾਲ ਧੋਖਾ ਕੀਤਾ ਹੈ। ਅਸੀਂ ਕਹਿੰਦੇ ਸੀ ਕਿ ਅਸੀਂ ਇਮਾਨਦਾਰੀ ਦੀ ਰਾਜਨੀਤੀ ਕਰਾਂਗੇ ਪਰ ਅੱਜ ਅਸੀਂ ਭ੍ਰਿਸ਼ਟਾਚਾਰ ਵਿੱਚ ਪੂਰੀ ਤਰ੍ਹਾਂ ਫਸ ਗਏ ਹਾਂ।